nabaz-e-punjab.com

ਕੁਰਾਲੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਈ ਕਾਂਗਰਸੀ ਆਗੂਆਂ ਵੱਲੋਂ ਭੱਜ ਨੱਠ ਸ਼ੁਰੂ

ਚੇਅਰਮੈਨੀ ਲਈ ਇਲਾਕੇ ਦੇ ਕਈ ਸਰਗਰਮ ਆਗੂ ਦੌੜ ਵਿੱਚ ਸ਼ਾਮਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਅਗਸਤ:
ਕਾਂਗਰਸ ਪਾਰਟੀ ਅੰਦਰ ਹਾਈ ਕਮਾਂਡ ਵਿੱਚ ਚੱਲ ਰਹੀ ਗੱਲਬਾਤ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਸਮੁੱਚੇ ਵਿਧਾਇਕਾਂ ਅਤੇ ਕਾਂਗਰਸ ਦੀ ਚੋਣ ਲੜ ਚੁੱਕੇ ਉਮੀਦਵਾਰਾਂ ਤੋਂ ਉਨ੍ਹਾਂ ਦੇ ਹਲਕਿਆਂ ਵਿਚ ਪੈਂਦੀਆਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਚੋਣ ਲਈ ਨਾਵਾਂ ਦੀ ਲਿਸਟ ਮੰਗੀ ਗਈ ਹੈ ਤਾਂ ਜੋ ਕਾਂਗਰਸ ਪਾਰਟੀ ਮਾਰਕੀਟ ਕਮੇਟੀਆਂ ਤੇ ਆਪਣੀ ਪਾਰਟੀ ਦੇ ਆਗੂਆਂ ਨੂੰ ਕੁਰਸੀਆਂ ਦੇ ਸਕਣ ਕਿਉਂਕਿ ਲੰਮੇ ਸਮੇਂ ਤੋਂ ਇਨ੍ਹਾਂ ਕੁਰਸੀਆਂ ਤੇ ਅਕਾਲੀ ਹੀ ਕਾਬਜ਼ ਹਨ। ਵਿਧਾਨ ਸਭਾ ਹਲਕਾ ਖਰੜ ਵਿਚ ਖਰੜ ਤੇ ਕੁਰਾਲੀ ਦੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਈ ਹਲਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਕੋਲ ਕਾਂਗਰਸੀ ਆਗੂਆਂ ਦਾ ਆਪਣੇ ਸਮਰਥਕਾਂ ਸਮੇਤ ਫੇਰੀਆਂ ਪਾਊਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਰਾਲੀ ਮਾਰਕੀਟ ਕਮੇਟੀ ਲਈ ਚੇਅਰਮੈਨ ਦੀ ਦੌੜ ‘ਚ ਸਭ ਤੋਂ ਅੱਗੇ ਨਾਮ ਉਘੇ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਚੱਲ ਰਿਹਾ ਹੈ ਜੋ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਬਗੈਰ ਕਿਸੇ ਲਾਲਚ ਤੋਂ ਕਰਦੇ ਆ ਰਹੇ ਹਨ। ਜ਼ੈਲਦਾਰ ਚੈੜੀਆਂ ਵੱਲੋਂ ਪੰਜ-ਛੇ ਹਲਕਿਆਂ ਵਿਚ ਤਨ ਮਨ ਧਨ ਨਾਲ ਪਾਰਟੀ ਦੀ ਕੀਤੀ ਜਾਂਦੀ ਸੇਵਾ ਨੂੰ ਵੇਖਦਿਆਂ ਕਾਂਗਰਸ ਦੇ ਕਈ ਵਿਧਾਇਕ ਅਤੇ ਮੌਜੂਦਾ ਮੰਤਰੀ ਵੀ ਉਨ੍ਹਾਂ ਨੂੰ ਕੁਰਾਲੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਹਾਮੀ ਭਰਦੇ ਹਨ ਜਿਨ੍ਹਾਂ ਨੇ ਬਕਾਇਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਨ੍ਹਾਂ ਦੇ ਨਾਮ ਦੀ ਸਿਫਾਰਸ ਕਰ ਦਿਤੀ ਹੈ। ਕਿਉਂਕਿ ਜ਼ੈਲਦਾਰ ਵੱਲੋਂ ਕੀਤੀ ਸੇਵਾ ਕਾਰਨ ਉਹ ਇਸ ਕੁਰਸੀ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾਂਦੇ ਹਨ।
ਉਨ੍ਹਾਂ ਤੋਂ ਬਾਅਦ ਖਿਜ਼ਰਾਬਾਦ ਦੇ ਰਾਣਾ ਕੁਸ਼ਲਪਾਲ ਪ੍ਰਧਾਨ ਵਿਧਾਨ ਸਭਾ ਹਲਕਾ ਖਰੜ ਯੂਥ ਕਾਂਗਰਸ, ਰਣਜੀਤ ਸਿੰਘ ਜੀਤੀ ਪਡਿਆਲਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਕਮਲਜੀਤ ਚਾਵਲਾ ਸਾਬਕਾ ਕਾਂਗਰਸੀ ਸਰਪੰਚ ਕਿਰਪਾਲ ਸਿੰਘ ਖਿਜ਼ਰਾਬਾਦ ਦੇ ਨਾਮ ਹਨ ਇਨ੍ਹਾਂ ਦਾਅਵੇਦਾਰਾਂ ‘ਚ ਯੂਥ ਕਾਂਗਰਸੀ ਆਗੂ ਰਾਣਾ ਕੁਸ਼ਲਪਾਲ ਦਾ ਪੱਲੜਾ ਵੀ ਭਾਰਾ ਨਜ਼ਰ ਆ ਰਿਹਾ ਹੈ। ਪਿਛਲੇ 10 ਸਾਲਾਂ ਦੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਦੇ ਘਾੜ ਦੇ ਇਲਾਕੇ ਦੇ ਪਿੰਡਾਂ ‘ਚ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਇਸ ਤਰ੍ਹਾਂ ਪਿੰਡ ਖਿਜ਼ਰਬਾਦ ਦੇ ਸਾਬਕਾ ਕਾਂਗਰਸੀ ਸਰਪੰਚ ਕਿਰਪਾਲ ਸਿੰਘ ਖਿਜ਼ਰਾਬਾਦ ਨੇ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾਂ ਕਾਰਜਕਾਲ ਦੌਰਾਨ 18 ਪੁਲਿਸ ਮੁਕੱਦਮਿਆਂ ਦਾ ਸਾਹਮਣਾ ਕੀਤਾ ਜਿਨ੍ਹਾਂ ਦਾ ਨਾਮ ਕੁਰਾਲੀ ਚੇਅਰਮੈਨੀ ਦੇ ਅਹਿਮ ਦਾਅਵੇਦਾਰਾਂ ਵਿਚ ਬੋਲਦਾ ਹੈ। ਕਿਉਂਕਿ ਕਿਰਪਾਲ ਸਿੰਘ ਖਿਜ਼ਰਾਬਾਦ ਘਾੜ ਇਲਾਕੇ ਦੇ ਪਿੰਡਾਂ ਵਿਚ ਕਾਫੀ ਹਰਮਨ ਪਿਆਰੇ ਹੋਣ ਦੇ ਨਾਲ ਨਾਲ ਲੋਕਾਂ ਵਿਚ ਆਪਣੀ ਪਕੜ ਵੀ ਰੱਖਦੇ ਹਨ ਜਿਸ ਦਾ ਫਾਇਦਾ ਕਾਂਗਰਸ ਨੇ ਕਈ ਚੋਣਾਂ ਵਿਚ ਉਨ੍ਹਾਂ ਤੋਂ ਲਿਆ ਹੈ ਉਨ੍ਹਾਂ ਵੱਲੋਂ ਅਕਾਲੀਆਂ ਦੇ ਰਾਜ ਵਿਚ ਸਹਿਣ ਕੀਤੇ ਅੱਤਿਆਚਾਰ ਨੂੰ ਵੇਖਦਿਆਂ ਪਾਰਟੀ ਉਨ੍ਹਾਂ ਨੂੰ ਵੀ ਕੁਰਸੀ ਦੇ ਕੇ ਨਿਵਾਜ਼ ਸਕਦੀ ਹੈ।
ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਸੈਨਾਪਤੀ ਅਤੇ ਦੇ ਖਾਸਮ-ਖਾਸ ਰਣਜੀਤ ਸਿੰਘ ਜੀਤੀ ਪਡਿਆਲਾ ਵੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੀ ਦੌੜ ‘ਚ ਮੂਹਰਲੀ ਕਤਾਰ ‘ਚ ਸ਼ਾਮਲ ਹਨ। ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੁਆਰਾ ਕੰਗ ਦੀ ਹਮਾਇਤ ਤੇ ਪ੍ਰਚਾਰ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਨਾਲ ਹੀ ਜੀਤੀ ਨੂੰ ਕੰਗ ਵੱਲੋਂ ਦਿੱਤੀ ਖੁੱਲ੍ਹ ਵੀ ਕਿਸੇ ਤੋਂ ਨਹੀਂ ਲੁਕੀ। ਇਸੇ ਤਰ੍ਹਾਂ ਰਾਕੇਸ਼ ਕਾਲੀਆ ਕੁਰਾਲੀ ਸ਼ਹਿਰ ‘ਚ ਕੰਗ ਦੇ ਸਭ ਤੋਂ ਵੱਧ ਨਜ਼ਦੀਕੀਆਂ ‘ਚੋਂ ਇਕ ਹਨ, ਉਹ ਇੱਕ ਦਹਾਕੇ ਤੱਕ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ਰਹੇ ਉਸ ਤੋਂ ਪਹਿਲਾਂ ਉਹ 1980 ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਹਨ ਤੇ ਪਾਰਟੀ ਲਈ ਉਹ ਜੇਲ ਵੀ ਜਾ ਚੁੱਕੇ ਹਨ ਜਿਸ ਨੂੰ ਵੇਖਦਿਆਂ ਉਨ੍ਹਾਂ ਦਾ ਪਲੜਾ ਵੀ ਭਾਰੂ ਵਿਖਾਈ ਦੇ ਰਿਹਾ ਹੈ।
ਇਸ ਦੌਰਾਨ ਕੁਰਾਲੀ ਦੇ ਕਾਂਗਰਸੀ ਆਗੂ ਕਮਲਜੀਤ ਚਾਵਲਾ ਵੀ ਇਸ ਕੁਰਸੀ ਦੀ ਦੌੜ ਵਿਚ ਸ਼ਾਮਲ ਹੋਏ ਹਨ ਜਿਨਾਂ ਦਾ ਪਾਰਟੀ ਹਾਈਕਮਾਂਡ ਵਿਚ ਚੰਗਾ ਰਸੂਖ ਹੈ। ਹੁਣ ਵੇਖਣਾ ਇਹ ਹੈ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਇੱਕ ਹੈ ਅਤੇ ਇਹਨਾਂ ਪੰਜਾ ਵਿਚੋਂ ਕਿਹੜਾ ਕੁਰਸੀ ਤੇ ਕਾਬਜ ਹੋਵੇਗਾ ਉਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਊਠ ਕਿਸ ਪਾਸੇ ਕਰਵਟ ਲੈਕੇ ਕਿਸ ਆਗੂ ਦਾ ਨਾਮ ਚਮਕਾਵੇਗਾ। ਸਿਆਸੀ ਮਾਹਿਰਾਂ ਅਨੁਸਾਰ ਕੁਰਾਲੀ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਸਿਫਾਰਸ ਤੇ ਬਣੇਗਾ ਉਪਰੋਕਤ ਆਗੂਆਂ ਵਿਚੋਂ ਜਿਹੜਾ ਵੀ ਕੰਗ ਦਾ ਸਮਰਥਨ ਲੈ ਗਿਆ ਉਸਦਾ ਕੁਰਾਲੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨਾ ਤੈਅ ਹੈ। ਅਗਰ ਪਾਰਟੀ ਹਾਈਕਮਾਂਡ ਦੀ ਗੱਲ ਕੀਤੀ ਜਾਵੇ ਤਾਂ ਲਾਲ ਸਿੰਘ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਆਪਣੇ ਚਹੇਤਿਆਂ ਨੂੰ ਹਰੇਕ ਮਾਰਕੀਟ ਕਮੇਟੀ ਵਿਚ ਫਿੱਟ ਕਰਨ ਲਈ ਜੋੜ ਤੋੜ ਕਰ ਰਹੇ ਹਨ ਜਿਸ ਦੀਆਂ ਅੰਦਰੋਂ ਖਾਤੇ ਰਿਪੋਰਟਾਂ ਵੀ ਤਿਆਰ ਹੋ ਕੇ ਜਾ ਚੁੱਕੀਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…