nabaz-e-punjab.com

ਕਾਂਗਰਸ ਨੇ ਡੰਡੇ ਦੇ ਜ਼ੋਰ ‘ਤੇ ਲੁੱਟਿਆ ਹਨ ਪੰਚਾਇਤ ਸੰਮਤੀ ਚੋਣ- ਹਰਪਾਲ ਚੀਮਾ

ਲੋਕਤੰਤਰ ਵਿਰੋਧੀ ਹਨੇਰੀ ‘ਚ ਵੀ ਲੋਕਤੰਤਰ ਦੀ ਲਾਟ ਬਾਲੀ ਰੱਖਣ ਵਾਲੇ ਪੰਜਾਬੀਆਂ ਦਾ ‘ਆਪ’ ਵੱਲੋਂ ਧੰਨਵਾਦ
ਪੁਲਸ ਅਤੇ ਪ੍ਰਸ਼ਾਸਨ ਨੇ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਸਤੰਬਰ 2018
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਡੰਡੇ ਦੇ ਜ਼ੋਰ ‘ਤੇ ਕੁੱਟ ਕੇ ਲੁੱਟੀਆਂ ਹਨ। ਪੁਲਿਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਸੱਤਾਧਾਰੀ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਹੈ। ਵਿਰੋਧੀ ਧਿਰਾਂ ਨਹੀਂ ਸਗੋਂ ਲੋਕ ਅਤੇ ਲੋਕਤੰਤਰ ਹਾਰਿਆ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਐਲਾਨ ਤੋਂ ਲੈ ਕੇ ਅੱਜ ਨਤੀਜੇ ਐਲਾਨਣ ਤੱਕ, ਲੋਕਤੰਤਰ ਵਿਵਸਥਾ ਦੀ ਸੱਤਾਧਾਰੀਆਂ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਅਤੇ ਗੁੰਡਾ ਅਨਸਰਾਂ ਨੇ ਕਦਮ-ਕਦਮ ‘ਤੇ ਹੱਤਿਆ ਕੀਤੀ। ਗੁੰਡਾਗਰਦੀ ਤੇ ਬਦਮਾਸ਼ੀ ਦਾ ਜਿੰਨਾ ਨੰਗਾ ਨਾਚ ਐਤਕੀ ਵੇਖਣ ਨੂੰ ਮਿਲਿਆ, ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਬਾਵਜੂਦ ਇਸ ਦੇ ਆਮ ਆਦਮੀ ਪਾਰਟੀ ਪੰਜਾਬ ਲੋਕਾਂ ਦਾ ਧੰਨਵਾਦ ਕਰਦੀ ਹੈ। ਜਿੰਨਾ ਤਾਨਾਸ਼ਾਹੀ ਕਾਂਗਰਸੀਆਂ ਵੱਲੋਂ ਚਲਾਈ ਇਸ ਲੋਕਤੰਤਰ ਵਿਰੋਧੀ ਹਨੇਰੀ ‘ਚ ਵੀ ਲੋਕਤੰਤਰ ਦੇ ਦੀਵੇ ਜਗਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਬਹੁਤ ਜਗ੍ਹਾ ਕਾਮਯਾਬੀ ਹਾਸਲ ਕਰ ਕੇ ਕਾਂਗਰਸ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਭਰ ‘ਚ ਸਰਕਾਰੀ ਮਸ਼ੀਨਰੀ ਨੇ ਕਾਂਗਰਸ ਦੇ ਸੇਵਾ ਦਲ ਵਾਂਗ ਕੰਮ ਕੀਤਾ ਅਤੇ ਲਗਭਗ ਹਰੇਕ ਜਗ੍ਹਾ ਔਸਤਨ 60-70 ਵੋਟਾਂ ਬਿਨਾ ਵਜ੍ਹਾ ਰੱਦ ਕੀਤੀਆਂ, ਕਈ ਜਗ੍ਹਾ ਤੋਂ ਰੱਦ ਵੋਟਾਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚਣ ਦੀਆਂ ਵੀ ਮੁੱਢਲੀਆਂ ਰਿਪੋਰਟਾਂ ਆਈਆਂ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਚੋਣ ਵਾਅਦਿਆਂ ‘ਤੇ ਖਰੀ ਉੱਤਰੀ ਹੁੰਦੀ ਤਾਂ ਕਾਂਗਰਸ ਨੂੰ ਇਹ ਚੋਣਾਂ ਲੁੱਟਣ ਦੀ ਜ਼ਰੂਰਤ ਨਾ ਪੈਂਦੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਚੋਣਾਂ ‘ਚ ਕਾਂਗਰਸੀਆਂ ਦੇ ‘ਜਿੱਤ’ ਦੇ ਅੰਕੜਿਆਂ ‘ਤੇ ਝੂਠੀ ਤਸੱਲੀ ਜਤਾਉਣ ਦੀ ਥਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ‘ਤੇ ਧਿਆਨ ਦੇਣ ਨਹੀਂ ਤਾਂ 2019 ‘ਚ ਨਤੀਜੇ ਭੁਗਤਣ ਲਈ ਤਿਆਰ ਰਹਿਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…