nabaz-e-punjab.com

ਮੋਦੀ ਦੀ ਇੱਕ ਘੁਰਕੀ ਨਾਲ ਕਾਂਗਰਸੀ ਵਿਧਾਇਕਾਂ ਦਾ ਜੰਤਰ-ਮੰਤਰ ਵਾਲਾ ਚੌਕੀ-ਬਦਲ ਮੋਰਚਾ ਠੁੱਸ: ਬੀਰ ਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 17 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਘੁਰਕੀ ਨਾਲ ਕਾਂਗਰਸੀ ਵਿਧਾਇਕਾਂ ਦਾ ਜੰਤਰ ਮੰਤਰ ਵਾਲਾ ਚੌਕੀ ਬਦਲ ਮੋਰਚਾ ਠੁੱਸ ਹੋ ਕੇ ਰਹਿ ਗਿਆ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਬੀਤੀ 4 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 3 ਨਵੰਬਰ ਨੂੰ ਇਹ ਵੱਡਾ ਐਲਾਨ ਕੀਤਾ ਸੀ ਕਿ ਉੁਹ ਖ਼ੁਦ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਸਮੇਤ 4 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਹੱਕ ਵਿੱਚ ਮਹਾਤਮਾਂ ਗਾਂਧੀ ਦੀ ਸਮਾਧ, ਰਾਜ-ਘਾਟ ਦਿੱਲੀ ਵਿਖੇ ਇੱਕ ਰੋਜ਼ਾ ਧਰਨਾ ਦੇਣ ਤੋਂ ਬਾਅਦ ਚੌਕੀ-ਬਦਲ ਧਰਨਾ ਲਗਾਤਾਰਤਾ ਵਿੱਚ ਅਣਮਿਥੇ ਸਮੇਂ ਲਈ ਜਾਰੀ ਰੱਖਣਗੇ। ਮੁੱਖ ਮੰਤਰੀ ਨੇ ਇਹ ਵਹੀ ਐਲਾਨ ਕੀਤਾ ਸੀ ਕਿ ਰੋਜ਼ਾਨਾ ਚਾਰ ਵਿਧਾਇਕ ਆਪਣੇ ਸਾਥੀਆਂ ਉੱਤੇ ਕਾਂਗਰਸ ਵਰਕਰਾਂ ਸਮੇਤ ਕਿਸਾਨਾਂ ਦੇ ਹੱਕ ਵਿੱਚ ਧਰਨੇ ਉੱਤੇ ਬੈਠਿਆ ਕਰਨਗੇ ਅਤੇ ਇਹ ਚੌਕੀ-ਬਦਲ ਮੋਰਚਾ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਬਾਅਦ ਵਿੱਚ ਇਹ ਧਰਨਾ ਦੋ ਕੁ ਘੰਟੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਦਿੱਲੀ ਪਲੀਸ ਦੇ ਦਖ਼ਲ ਨਾਲ ਰਾਜ-ਘਾਟ ਤੋਂ ਬਦਲ ਕੇ ਜੰਤਰ-ਮੰਤਰ ਵਿਖੇ ਲਗਾਇਆ ਗਿਆ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਦੌਰਾਨ ਅਚਨਚੇਤ ਇੱਕ ਵਚਿੱਤਰ ਗੱਲ ਇਹ ਹੋਈ ਕਿ ਆਮਦਨ ਤੇ ਕਰ ਵਿਭਾਗ ਅਤੇ ਰੈਵਿਨਿਊ ਇੰਟੈਲੀਜੈਂਸ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੁੱਝ ਕਾਨੂੰਨੀ ਉਲੰਘਣਾ ਕਰਨ ਦੇ ਨੋਟਿਸ ਭੇਜੇ ਗਏ ਅਤੇ ਕੈਪਟਨ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਦੀਆਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਦਫ਼ਤਰ ਵੱਲੋਂ ਧੜਾ-ਧੜ ਤਲਬੀਆਂ ਅਤੇ ਪੇਸ਼ੀਆਂ ਲਈ ਸੰਮਨ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਕਿਹਾ ਕਿ ਆਮਦਨ ਤੇ ਕਰ ਵਿਭਾਗ ਅਤੇ ਰੈਵਿਨਿਊ ਇੰਟੈਲੀਜੈਂਸ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨੋਟਿਸ ਭੇਜਣ ਅਤੇ ਤਲਬੀਆਂ ਦੇ ਸਮਾਂ ਨਿਰਧਾਰਿਤ ਦੇ ਮੱਦੇਨਜ਼ਰ ਸਿਆਸੀ ਹਲਕਿਆਂ ਵਿੱਚ ਸਰਗੋਸ਼ੀਆਂ ਦਾ ਬਜ਼ਾਰ ਗਰਮ ਹੈ ਕਿ ਇਹ ਸਾਰੀ ਸਰਕਸੀ-ਕਸਰਤ ਕੈਪਟਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁੱਪ ਕਰਕੇ ਆਪਣੀ ਪਨਾਹਗਾਹ ‘ਸਾਰਾਗੜ੍ਹੀ ਫਾਰਮ’ ਵਿੱਚ ਵਾਪਸ ਪਰਤ ਜਾਣ ਲਈ ਇੱਕ ਘੁਰਕੀ ਵਜੋਂ ਪ੍ਰਚਾਰੀ ਜਾ ਰਹੀ ਹੈ। ਜਿਸ ਕਾਰਨ ਕੈਪਟਨ, ਚੌਕੀ-ਬਦਲ ਮੋਰਚੇ ਦੀ ਲਗਾਤਾਰਤਾ ਦਾ ਐਲਾਨ ਕੀਤੇ ਬਿਨਾਂ ਹੀ ਦੋ ਕੁ ਘੰਟੇ ਦੀ ਡਰਾਮੇਬਾਜ਼ੀ ਕਰਨ ਤੋਂ ਬਾਅਦ ਦਿੱਲੀ ਵਿੱਚ ਲੰਗਰ-ਪਾਣੀ ਛੱਕ ਕੇ ਆਪਣੇ ਲਾਮ-ਲਸ਼ਕਰ ਸਮੇਤ ਵਾਪਸ ਪਰਤ ਆਏ ਅਤੇ ਪੰਜਾਬ ਪੁੱਜ ਕੇ ਇਹ ਬਹਾਨਾ ਬਣਾਇਆ ਗਿਆ ਕਿ ਕਰੋਨਾ ਮਹਾਮਾਰੀ ਦਾ ਕੋਈ ਮਰੀਜ਼ ਉਨ੍ਹਾਂ ਦੇ ਕੋਲੋਂ ਲੰਘ ਗਿਆ ਹੈ, ਜਿਸ ਕਾਰਨ ਪੰਜਾਬ ਦੇ ਬਹਾਦਰ ਅਤੇ ਫੌਜੀ ਕਪਤਾਨ ਮੁੱਖ ਮੰਤਰੀ ਨੇ ਖ਼ੁਦ ਨੂੰ ਮੁੜ ਇਕਾਂਤਵਾਸ ਕਰ ਲਿਆ ਗਿਆ ਅਤੇ ਦੁਬਾਰਾ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਕੋਈ ਹਾਂਅ ਦਾ ਨਾਅਰਾ ਨਹੀਂ ਮਾਰਿਆ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਸ ਕਾਰਵਾਈ ਨਾਲ ਕਾਂਗਰਸੀ ਵਿਧਾਇਕਾਂ ਦੇ ਜੰਤਰ-ਮੰਤਰ ਰੋਡ ਦਿੱਲੀ ਵਿਖੇ ਲੱਗਣ ਵਾਲੇ ਚੌਕੀ-ਬਦਲ ਮੋਰਚੇ ਦੀ ਵੀ ਫੂਕ ਨਿਕਲ ਗਈ ਅਤੇ ਇਹ ਚੌਕੀ-ਬਦਲ ਮੋਰਚਾ ਵੀ ਅਣਮਿਥੇ ਸਮੇਂ ਲਈ ਇਕਾਂਤਵਾਸ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਵਿਚਾਰੇ ਇੱਕ-ਦੂਜੇ ਨੂੰ ਪੁੱਛਦੇ ਫਿਰਦੇ ਹਨ ‘ਕਿ ਹੁਣ ਰਾਜੇ ਦੀ ਘੋੜੀ ਫੇਰ ਕਦੋਂ ਸੂਏਗੀ? ਅਤੇ ਨਾਲ ਖ਼ੁਦ ਹੀ ਜਵਾਬ ਦੇ ਦਿੰਦੇ ਹਨ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਦੀ ਘੁਰਕੀ ਦਾ ਅਸਰ ਰਹੇਗਾ, ਉਦੋਂ ਤੱਕ ਮੁੱਖ ਮੰਤਰੀ ਦਾ ਇਕਾਂਤਵਾਸ ਟੁੱਟਣ ਵਾਲਾ ਨਹੀਂ ਹੈ ਅਤੇ ਇਸ ਲਈ ਪੰਜਾਬ ਦੇ ਅੰਨਦਾਤੇ ਨੂੰ ਆਪਣੀ ਲੜਾਈ ਆਪਣੇ ਮੋਢਿਆ ’ਤੇ ਹੀ ਲੜਨੀ ਪੈਣੀ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…