Share on Facebook Share on Twitter Share on Google+ Share on Pinterest Share on Linkedin ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਸਿਰਫ਼ ਅਹੁਦੇ ਦੀ ਭੁੱਖ: ਰਾਘਵ ਚੱਢਾ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’: ਰਾਘਵ ਚੱਢਾ ਸਿੱਧੂ ਨੇ ਵਾਰੋ ਵਾਰੀ ਡੇਢ ਦਹਾਕਾ ਸੱਤਾ ਵਿੱਚ ਰਹਿਣ ਦੇ ਬਾਵਜੂਦ ਲੋਕਾਂ ਲਈ ਕੁੱਝ ਨਹੀਂ ਕੀਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ (ਸਿੱਧੂ) ਨੂੰ ਪੰਜਾਬ ਦੀ ਕੋਈ ਚਿੰਤ ਨਹੀਂ ਹੈ, ਬਲਕਿ ਉਸ ਨੂੰ ਉੱਚ ਅਹੁਦਿਆਂ ਦੀ ਭੁੱਖ ਹੈ। ਅੱਜ ਸ਼ਾਮ ਇੱਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਘਵ ਚੱਢਾ ਨੇ ਕਿਹਾ ਕਿ ਸਿੱਧੂ ਨੇ ਪਾਰਟੀਆਂ ਬਦਲ ਕੇ ਕਰੀਬ ਡੇਢ ਦਹਾਕਾ ਲਗਾਤਾਰ ਸੱਤਾ ਦਾ ਨਿੱਘ ਮਾਣਿਆ ਪਰ ਸੂਬੇ ਦੀ ਤਰੱਕੀ ਲਈ ਕਦੇ ਵੀ ਡੱਕਾ ਨਹੀਂ ਤੋੜਿਆ। ਉਨ੍ਹਾਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਨਵਜੋਤ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਪਹਿਲਾਂ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਮੂਕਮੋਹਨ ਸਿੰਘ’ ਕਹਿੰਦੇ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਮੁੰਨੀ’ ਆਖਦੇ ਸਨ ਅਤੇ ਰਾਹੁਲ ਗਾਂਧੀ ਲਈ ‘ਪੱਪੂ’ ਸ਼ਬਦ ਵਰਤੇ ਜਾਂਦੇ ਸਨ ਪਰ ਸੱਤਾ ਲਈ ਉਹ ਉਸੇ ਕਾਂਗਰਸ ਲੀਡਰਸ਼ਿਪ ਭਗਵਾਨ ਵਾਂਗ ਪੂਜਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’ ਹੈ। ਆਪ ਆਗੂ ਨੇ ਕਿਹਾ ਕਿ ਸਿੱਧੂ ਕੋਲ ਨਾ ਤਾਂ ਪੰਜਾਬ ਲਈ ਕੋਈ ਵਿਜ਼ਨ ਹੈ ਅਤੇ ਨਾ ਹੀ ਕੋਈ ਸੋਚ ਹੈ। ਉਨ੍ਹਾਂ ਦਾ ਮਕਸਦ ਸਿਰਫ਼ ਕਿਸੇ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਅਤੇ ਸੱਤਾ ਹਾਸਲ ਕਰਨਾ ਹੈ। ਇਹੀ ਨਹੀਂ ਸਿੱਧੂ ਨੂੰ ਸੀਐਮ ਅਹੁਦੇ ਦਾ ਏਨਾ ਲਾਲਚ ਹੈ, ਜੇਕਰ ਡੀਐਮਕੇ ਕਹੇ ਕਿ ਉਹ ਉਸ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਿਆਰ ਹਨ ਤਾਂ ਉਹ ਤਾਮਿਲਨਾਡੂ ਵੀ ਚਲੇ ਜਾਣਗੇ ਅਤੇ ਡੀਐਮਕੇ ਵਿੱਚ ਜੁਆਇਨ ਕਰ ਲੈਣਗੇ। ਉਨ੍ਹਾਂ ਕਿਹਾ ਕਿ ਸਿੱਧੂ ਦਾ ਅਸਲ ਦਰਦ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਾਲੇ ਸਰਵੇਖਣ ਵਿੱਚ ਭਗਵੰਤ ਮਾਨ ਨੂੰ 93 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ ਸਿੱਧੂ ਨੂੰ ਕੇਵਲ 3.5 ਫੀਸਦੀ ਲੋਕਾਂ ਨੇ ਪਸੰਦ ਕੀਤਾ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇਮਾਰੀ ਦੌਰਾਨ ਮਿਲੇ ਕਰੋੜਾਂ ਰੁਪਏ ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਰੇਤ ਮਾਫ਼ੀਆ ਦੇ ਮੁੱਦੇ ਤੋਂ ਭਟਕਾਉਣ ਲਈ ਸਿੱਧੂ ਨੇ ਆਪਣੀ ਪੀਸੀ ਦੌਰਾਨ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਬਾਰੇ ਇਸ ਤਰ੍ਹਾਂ ਦੇ ਘਟੀਆ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਰੇਤ ਮਾਫ਼ੀਆ ਨੂੰ ਮੀਡੀਆ ਸਾਹਮਣੇ ਬੇਨਕਾਬ ਕੀਤਾ ਹੈ, ਉਸ ਸਮੇਂ ਤੋਂ ਸਿੱਧੂ ਰੇਤ ਮਾਫ਼ੀਆ ਵਿਰੁੱਧ ਕੁਝ ਨਹੀਂ ਬੋਲ ਰਹੇ। ਜਦੋਂਕਿ ਇਸ ਤੋਂ ਪਹਿਲਾਂ ਉਹ ਹਮੇਸ਼ਾ ਡਰੱਗ ਮਾਫ਼ੀਆ, ਰੇਤ ਮਾਫ਼ੀਆ ਅਤੇ ਹੋਰ ਅਹਿਮ ਮੁੱਦੇ ਚੁੱਕਦੇ ਰਹਿੰਦੇ ਸਨ। ਚੱਢਾ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਕੀ ਹੁਣ ਉਹ ਵੀ ਰੇਤ ਮਾਫ਼ੀਆ ਨਾਲ ਰਲ ਗਏ ਹਨ, ਇਸ ਲਈ ਇਸ ਮੁੱਦੇ ’ਤੇ ਚੁੱਪ ਹਨ? ਚੱਢਾ ਨੇ ਕਿਹਾ ਕਿ ਸਿੱਧੂ ਬਹੁਤ ਜ਼ਿਆਦਾ ਹਿਸਾਬੀ-ਕਿਤਾਬੀ ਹਨ, ਹੁਣ ਉਹ ਦੱਸਣ ਕਿ ਜਦੋਂ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 11 ਕਰੋੜ ਰੁਪਏ ਮਿਲੇ ਹਨ ਤਾਂ ਖ਼ੁਦ ਮੁੱਖ ਮੰਤਰੀ ਨੇ 111 ਦਿਨਾਂ ਵਿੱਚ ਕਿੰਨੀ ਕਮਾਈ ਕੀਤੀ ਹੋਵੇਗੀ? ਜਦੋਂ 111 ਦਿਨਾਂ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਇੰਨੇ ਪੈਸੇ ਬਣਾਏ, ਜੇਕਰ ਉਹ 5 ਸਾਲ ਸੀਐਮ ਰਹਿੰਦੇ ਤਾਂ ਕਿੰਨਾ ਕਮਾਉਂਦੇ?
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ