Nabaz-e-punjab.com

ਕਾਂਗਰਸ ਨੇ ਪੰਜਾਬ ਤੇ ਖ਼ਾਲਸਾ ਪੰਥ ਨਾਲ ਧ੍ਰੋਹ ਕਮਾਉਣ ਤੇ ਜ਼ੁਲਮ ਢਾਹੁਣ ਵਿੱਚ ਹੁਣ ਤੱਕ ਕੋਈ ਕਸਰ ਨਹੀਂ ਛੱਡੀ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਕਾਂਗਰਸ ਪਾਰਟੀ ਨੇ ਪੰਜਾਬ ਅਤੇ ਖ਼ਾਲਸਾ ਪੰਥ ਨਾਲ ਧ੍ਰੋਹ ਕਮਾਉਣ ਅਤੇ ਜ਼ੁਲਮ ਢਾਹੁਣ ਵਿੱਚ ਹੁਣ ਤੱਕ ਕੋਈ ਕਸਰ ਨਹੀਂ ਛੱਡੀ ਸਗੋਂ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਗੈਰ ਸੰਵਿਧਾਨਕ ਤੌਰ ’ਤੇ ਲੁੱਟ ਜਾਰੀ ਰੱਖਣ ਦੀਆਂ ਨੀਹਾਂ ਵੀ ਪੱਕੀਆਂ ਕੀਤੀਆਂ ਹਨ, ਜਿਸ ਬਾਰੇ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਦੇ ਜ਼ੁਬਾਨ ਵੀ ਨਹੀਂ ਖੋਲ੍ਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਿਹੋ ਜਿਹੇ ਹਾਲਾਤ ’ਚੋਂ ਅੱਜ ਪੰਜਾਬ ਲੰਘ ਰਿਹਾ ਹੈ ਇਸ ਦਾ ਇੱਕ ਵੱਡਾ ਕਾਰਨ ਪੰਜਾਬ ਦੇ ਪਾਣੀਆਂ ਦੀ ਕੀਤੀ ਜਾ ਰਹੀ ਲੁੱਟ ਹੈ। ਜਿਸ ਕਾਰਨ ਖੇਤੀ ਖੇਤਰ ਅਤੇ ਵਾਤਾਵਰਣ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਖੇਤੀ ਖੇਤਰ ਨੂੰ ਨਹਿਰੀ ਪਾਣੀ ਦੀ ਥਾਂ ਅਰਬਾਂ-ਖਰਬਾਂ ਰੁਪਏ ਖਰਚਕੇ ਟਿਊਬਵੈੱਲ ਲਾਉਣ ਅਤੇ ਧਰਤੀ ਹੇਠਲਾ ਪਾਣੀ ਕੱਢਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦੇ ਦਰਿਆ ਨਿਰਮਲ ਪਾਣੀ ਦੀ ਥਾਂ ਪ੍ਰਦੂਸ਼ਿਤ ਨਾਲੇ ਬਣਕੇ ਰਹਿ ਗਏ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲਣ ਲਈ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਨੂੰ ਕੈਪਟਨ ਸਰਕਾਰ ਨੇ ਠੰਡੇ ਬਸਤੇ ਵਿਚ ਪਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪੰਜਾਬ ਨਾਲ ਅਜਿਹੀ ਬੇਇਨਸਾਫ਼ੀ ਕਰਨ ਲਈ ਜ਼ਿੰਮੇਵਾਰ ਹੈ ਉਸ ਦੇ ਨੁਮਾਇੰਦੇ ਕੋਲੋਂ ਸੰਸਦ ਅੰਦਰ ਇਸ ਸਬੰਧੀ ਆਵਾਜ਼ ਉਠਾਉਣ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 32 ਹੋਰ ਗੁਰਧਾਮਾਂ ਉਪਰ ਫੌਜੀ ਹਮਲੇ ਕਰਵਾਉਣ, ਹਜ਼ਾਰਾਂ ਨਿਰਦੋਸ਼ ਪੰਜਾਬੀਆਂ ਉਪਰ ਜ਼ੁਲਮ ਢਾਹੁਣ, ਨਵੰਬਰ 84 ਵਿਚ ਸਿੱਖਾਂ ਦੀ ਨਸਲਕੁਸ਼ੀ ਕਰਾਉਣ ਅਤੇ ਇਸ ਲਈ ਦੋਸ਼ੀਆਂ ਨੂੰ ਬਚਾਉਣ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਆਪਣੇ ਪਾਪਾਂ ਨੂੰ ਲੁਕਾਉਣ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਰੌਲਾ ਰੱਪਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਦੀ ਹੋਈ ਜਾਂਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਕੋਈ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਮਨੀਸ਼ ਤਿਵਾੜੀ ਨੂੰ ਚੁਣੌਤੀ ਦਿੱਤੀ ਕਿ ਉਹ ਪਹਿਲਾਂ ਇਨ੍ਹਾਂ ਮਸਲਿਆਂ ਬਾਰੇ ਆਪਣੇ ਅਤੇ ਕਾਂਗਰਸ ਪਾਰਟੀ ਦੀ ਸੋਚ ਤੇ ਅਮਲ ਬਾਰੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਵੋਟਰਾਂ ਨੂੰ ਜਵਾਬ ਦੇਣ ਅਤੇ ਫਿਰ ਲੋਕਾਂ ਕੋਲ ਜਾ ਕੇ ਵੋਟਾਂ ਮੰਗਣ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…