
ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਕਰਨ ਵਾਲੇ ਵੱਡੇ ਕਾਂਗਰਸੀ ਆਗੂਆਂ ਨੂੰ ਅਹੁਦੇ ਤੋਂ ਲਾਂਭੇ ਕਰੇ ਕਾਂਗਰਸ: ਬਡਹੇੜੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜੁਲਾਈ:
ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਾਂਗਰਸ ਹਾਈ ਕਮਾਨ ਤੋਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਕਰਨ ਵਾਲੇ 2 ਵੱਡੇ ਕਾਂਗਰਸੀ ਆਗੂਆਂ ਨੂੰ ਤੁਰੰਤ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦੋ ਵੱਡੇ ਆਗੂਆਂ (ਜਿਨ੍ਹਾਂ ਵਿੱਚ ਯੂਥ ਕਾਂਗਰਸ ਦਾ ਇੱਕ ਵੱਡਾ ਆਗੂ ਸ਼ਾਮਲ ਹੈ) ਉੱਪਰ ਰੇਤ ਮਾਫ਼ੀਆ ਨਾਲ ਮਿਲ ਕੇ ਮੁਹਾਲੀ ਜ਼ਿਲ੍ਹੇ ਦੇ ਲਾਲੜੂ ਤੋਂ ਲੈ ਕੇ ਰੂਪਨਗਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ, ਗੁਰਦਾਸਪੁਰ ਅਤੇ ਪਠਾਨਕੋਟ ਤੱਕ ਗ਼ੈਰ-ਕਾਨੂੰਨੀ ਮਾਈਨਿੰਗ ਦੇ ਇਲਜਾਮ ਲੱਗ ਰਹੇ ਹਨ ਅਤੇ ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਡਾਢੇ ਨਾਰਾਜ਼ ਹੈ।
ਸ੍ਰੀ ਬਡਹੇੜੀ ਨੇ ਕਿਹਾ ਕਿ ਦਰਅਸਲ, ਪੰਜਾਬ ਦੀ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਲੰਮੀ ਸਰਹੱਦ ਦੇ ਨਾਲ ਲੱਗਦਿਆਂ ਇਲਾਕਿਆਂ ਵਿੱਚ ਇਹਨਾਂ ਆਗੂਆਂ ਦਾ ਮਾਈਨਿੰਗ ਦਾ ਨਾਜਾਇਜ਼ ਕਾਰੋਬਾਰ ਲਗਾਤਾਰ ਚੱਲ ਰਿਹਾ ਹੈ ਤੇ ਉਹ ਵੱਡੇ ਪੱਧਰ ਤੇ ਆਮ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੋਂ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਕਾਂਗਰਸ ਆਗੂਆਂ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰਕੇ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ।
ਸ੍ਰੀ ਬਡਹੇੜੀ ਨੇ ਕਿਹਾ ਕਿ ਇਹ ਆਗੂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਓਟ ਲੈ ਕੇ ਕਾਰਵਾਈ ਤੋਂ ਬਚਦੇ ਰਹੇ ਹਨ ਅਤੇ ਹੁਣ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਅਜਿਹਾ ਉਹ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਦਾ ਗ਼ੈਰ-ਕਾਨੂੰਨੀ ਮਾਈਨਿੰਗ ਦਾ ਧੜੱਲੇ ਨਾਲ ਚਲਦਾ ਰਹਿ ਸਕੇ।