ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਰੇਸ ‘ਚੋਂ ਬਾਹਰ ਕੀਤਾ – ਰਾਘਵ ਚੱਢਾ

ਪੰਜਾਬ ‘ਚ ਵੀ ਕਾਂਗਰਸ ਲੋਕਾਂ ਨੂੰ ਜਾਤ-ਧਰਮ ਦੇ ਨਾਂ ‘ਤੇ ਲੋਕਾਂ ਨੂੰ ਵੰਡਣ ਦੀ ਕਰ ਰਹੀ ਕੋਸ਼ਿਸ਼, ਧਾਰਮਿਕ ਅਧਾਰ ‘ਤੇ ਆਪਣੇ ਨੇਤਾਵਾਂ ਨਾਲ ਕਰਦੀ ਹੈ ਵਿਤਕਰਾ- ਰਾਘਵ ਚੱਢਾ

ਪੰਜਾਬ ਗੁਰੂਆਂ ਦੀ ਧਰਤੀ, ਪੰਜਾਬੀ ਆਪਸੀ ਭਾਈਚਾਰਾ ਤੇ ਸ਼ਾਂਤੀ ਪਸੰਦ ਲੋਕ, ਕਾਂਗਰਸ ਦੀ ਚਾਲ ਸਫ਼ਲ ਨਹੀਂ ਹੋਵੇਗੀ: ਰਾਘਵ ਚੱਢਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਆਗੂ ਸੁਨੀਲ ਜਾਖੜ ਦੇ ਮੁੱਖ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਸਮਾਜ ਨੂੰ ਜਾਤ-ਪਾਤ ਦੇ ਆਧਾਰ ‘ਤੇ ਵੰਡਣ ਦੀ ਰਾਜਨੀਤੀ ਕਰਦੀ ਰਹੀ ਹੈ। ਪੰਜਾਬ ਦੀ ਰਾਜਨੀਤੀ ਨੂੰ ਵੀ ਕਾਂਗਰਸ ਧਾਰਮਿਕ ਰੰਗ ਦੇ ਕੇ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਵੰਡਣ ਦੀ ਵੀ ਸਾਜ਼ਿਸ਼ ਰਚ ਰਹੀ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਹਨ। ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ 42 ਵਿਧਾਇਕਾਂ ਦੇ ਸਮਰਥਨ ਵਾਲੇ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ।
ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਸੁਨੀਲ ਜਾਖੜ ਦੇ ਉਸ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੋਈ ਵਿਧਾਇਕ ਦਲ ਦੀ ਮੀਟਿੰਗ ‘ਚ ਜਾਖੜ ਦੇ ਨਾਂ ‘ਤੇ 42 ਵਿਧਾਇਕਾਂ ਨੇ ਸਹਿਮਤੀ ਜਤਾਈ, ਸੁਖਜਿੰਦਰ ਸਿੰਘ ਰੰਧਾਵਾ ਨੂੰ 16, ਪ੍ਰਨੀਤ ਕੌਰ ਨੂੰ 12, ਨਵਜੋਤ ਸਿੱਧੂ 6 ਅਤੇ ਮੁੱਖ ਮੰਤਰੀ ਚੰਨੀ ਨੂੰ ਸਿਰਫ਼ ਦੋ ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਪਰ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਦੌੜ ਵਿੱਚੋਂ ਇਹ ਕਹਿ ਕੇ ਕੱਢ ਦਿੱਤਾ ਕਿ ਉਹ ਹਿੰਦੂ ਹਨ। ਜਦੋਂ ਕਿ ਸਿਰਫ਼ ਦੋ ਵਿਧਾਇਕਾਂ ਦੇ ਸਮਰਥਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਲੀਡਰਸ਼ਿਪ ਵੱਲੋਂ ਜਾਤ-ਪਾਤ ਦੇ ਆਧਾਰ ‘ਤੇ ਪੰਜਾਬ ਨੂੰ ਵੰਡਣ ਲਈ ਮੁੱਖ ਮੰਤਰੀ ਬਣਾ ਦਿੱਤਾ ਗਿਆ।
ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਨਫਰਤ ਦੇ ਬੀਜ ਬੀਜ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਗੁਰੂਆਂ ਦੀ ਧਰਤੀ ਹੈ। ਇਸ ਲਈ ਪੰਜਾਬ ਕਦੇ ਵੀ ਜਾਤ ਅਤੇ ਧਰਮ ਦੇ ਨਾਂ ‘ਤੇ ਵੰਡ ਹੋਣ ਵਾਲਾ ਨਹੀਂ। ਆਪਸੀ ਭਾਈਚਾਰਾ ਅਤੇ ਪਿਆਰ ਪੰਜਾਬ ਦੇ ਲੋਕਾਂ ਦੀ ਖੂਬਸੂਰਤੀ ਹੈ। ਪੰਜਾਬ ਦੇ ਲੋਕ ਧਰਮ ਅਤੇ ਜਾਤ ਦੇਖ ਕੇ ਕਿਸੇ ਨੂੰ ਨਹੀਂ ਅਪਣਾਉਂਦੇ। ਇੱਥੋਂ ਦੇ ਲੋਕ ਅਮਨ-ਸ਼ਾਂਤੀ ਅਤੇ ਭਾਈਚਾਰਾ ਪਸੰਦ ਲੋਕ ਹਨ।
ਚੱਢਾ ਨੇ ਕਿਹਾ ਕਿ ਕਾਂਗਰਸ ਸਿਰਫ਼ ਹਿੰਦੂ ਵੋਟ ਲਈ ਸੁਨੀਲ ਜਾਖੜ ਦਾ ਨਾਂ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਾਂਗਰਸ ‘ਤੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਸੁਨੀਲ ਜਾਖੜ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਹੈ ਹੀ ਨਹੀਂ ਤਾਂ ਕਾਂਗਰਸ ਨੇ ਪੰਜਾਬ ਭਰ ਵਿਚ ਲਗਾਏ ਆਪਣੇ ਹੋਰਡਿੰਗਜ਼ ਵਿਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੇ ਨਾਲ ਸੁਨੀਲ ਜਾਖੜ ਦੀ ਫੋਟੋ ਕਿਉਂ ਲਗਾਈ ਹੈ? ਉਨ੍ਹਾਂ ਦੂਸਰਾ ਸਵਾਲ ਪੁੱਛਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ ਲੋਕਾਂ ਦੀ ਰਾਏ ਜਾਣਨ ਲਈ ਫ਼ੋਨ ‘ਤੇ ਸਿਰਫ਼ ਦੋ ਹੀ ਆਪਸ਼ਨ ਦੇ ਰਹੀ ਹੈ। ਇੱਕ ਨਵਜੋਤ ਸਿੰਘ ਸਿੱਧੂ ਤੇ ਦੂਜਾ ਚਰਨਜੀਤ ਸਿੰਘ ਚੰਨੀ। ਇਸ ਵਿਚੋਂ ਸੁਨੀਲ ਜਾਖੜ ਨੂੰ ਕਿਉਂ ਹਟਾ ਦਿੱਤਾ ਗਿਆ? ਤੀਸਰਾ, ਜਦੋਂ 42 ਵਿਧਾਇਕਾਂ ਨੇ ਸਭ ਤੋਂ ਵੱਧ ਵੋਟਾਂ ਸੁਨੀਲ ਜਾਖੜ ਨੂੰ ਪਾਈਆਂ ਤਾਂ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ। ਉਨ੍ਹਾਂ ਚੌਥਾ ਸਵਾਲ ਕੀਤਾ ਕਿ ਜਦੋਂ ਜਾਖੜ ਨੇ ਕੋਈ ਰੇਤ ਮਾਫੀਆ, ਡਰੱਗ ਮਾਫੀਆ ਅਤੇ ਭ੍ਰਿਸ਼ਟਾਚਾਰ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ‘ਤੇ ਅਜਿਹਾ ਕੋਈ ਦੋਸ਼ ਹੈ ਤਾਂ ਫਿਰ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਰੇਸ ‘ਚੋਂ ਕਿਉਂ ਬਾਹਰ ਕਰ ਦਿੱਤਾ?
ਚੱਢਾ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਨੂੰ ਧਰਮ ਅਤੇ ਜਾਤ ਦੇ ਨਾਂ ‘ਤੇ ਵੰਡਣਾ ਬੰਦ ਕਰੇ ਕਿਉਂਕਿ ਉਹ ਇਨ੍ਹਾਂ ਨਾਪਾਕ ਕੋਸ਼ਿਸ਼ਾਂ ‘ਚ ਕਾਮਯਾਬ ਨਹੀਂ ਹੋਣ ਵਾਲੀ। ਪੰਜਾਬ ਦਾ ਅਮਨ, ਭਾਈਚਾਰਕ ਸਾਂਝ ਅਤੇ ਸ਼ਾਂਤੀ ਬਰਕਰਾਰ ਰਹੇ, ਇਸਦੇ ਲਈ ਆਮ ਆਦਮੀ ਪਾਰਟੀ ਅਰਦਾਸ ਕਰਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਉਹ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਲੋਕਾਂ ਨਾਲ ਵਿਤਕਰਾ ਨਾ ਕਰਨ। ਸੁਨੀਲ ਜਾਖੜ ਨਾਲ ਕਾਂਗਰਸ ਵਲੋਂ ਕੀਤੇ ਗਏ ਗਲਤ ਸਲੂਕ ‘ਤੇ ਆਮ ਆਦਮੀ ਪਾਰਟੀ ਅਫ਼ਸੋਸ ਕਰਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਕਾਂਗਰਸ ਇਹਨਾਂ ਚੋਣਾਂ ਵਿੱਚ ਇੱਕ ਜ਼ਿੰਮੇਵਾਰ ਸਿਆਸੀ ਪਾਰਟੀ ਦੀ ਤਰ੍ਹਾਂ ਪੇਸ਼ ਆਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…