ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ: ਆਖਰਕਾਰ 4 ਸਾਲਾਂ ਬਾਅਦ ਕਾਂਗਰਸ ਸਮਰਥਕ ਜੈੱਟ ਇਮੀਗਰੇਸ਼ਨ ਦਾ ਮਾਲਕ ਦੀਪਕ ਅਰੋੜਾ ਗ੍ਰਿਫ਼ਤਾਰ
ਮੁਲਜ਼ਮ ਦੀਪਕ ਅਰੋੜਾ ਦੇ ਖ਼ਿਲਾਫ਼ ਇਮੀਗਰੇਸ਼ਨ ਧੋਖਾਧੜੀ ਦੇ 100 ਤੋਂ ਵੱਧ ਧੋਖਾਧੜੀ ਦੇ ਕੇਸ ਦਰਜ
ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰਨ ਦੇ ਦੋਸ਼ ਵਿੱਚ ਜੈੱਟ ਇਮੀਗਰੇਸ਼ਨ ਕੰਪਨੀ ਦੇ ਚੇਅਰਮੈਨ ਦੀਪਕ ਅਰੋੜਾ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਅੰਮ੍ਰਿਤਸਰ ’ਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਖ਼ਿਲਾਫ਼ ਫੇਜ਼-1 ਥਾਣਾ ਵਿੱਚ 11 ਅਕਤੂਬਰ 2012 ਨੂੰ ਆਈਪੀਸੀ ਦੀ ਧਾਰਾ 420 ਤੇ 406 ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਨੂੰ 13 ਦਸੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਪੁਲੀਸ ਦੇ ਦੱਸਣ ਅਨੁਸਾਰ ਮੁਲਜ਼ਮ ਵਿਰੁੱਧ ਇਮੀਗਰੇਸ਼ਨ ਧੋਖਾਧੜੀ ਦੇ ਲਗਭਗ 111 ਕੇਸ ਦਰਜ ਹਨ। ਕਾਂਗਰਸ ਸਮਰਥਕ ਦੀਪਕ ਅਰੋੜਾ ਪਿਛਲੇ 4 ਚਾਰ ਸਾਲਾਂ ਤੋਂ ਭਗੌੜਾ ਚਲਿਆ ਆ ਰਿਹਾ ਸੀ ਜਦੋਂ ਕਿ ਕਈ ਮਾਮਲਿਆਂ ਵਿੱਚ ਉਸ ਦੇ ਪਾਟਰਨ ਅਤੇ ਦਫ਼ਤਰੀ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇੱਕ ਮਾਮਲੇ ਮੁਲਜ਼ਮ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਧਰ, ਅੱਜ ਅਦਾਲਤ ਵਿੱਚ ਪੇਸ਼ ਹੋਏ ਸਰਕਾਰੀ ਵਕੀਲ ਤੇ ਜਾਂਚ ਅਧਿਕਾਰੀ ਏਐਸਆਈ ਪ੍ਰਿਤਪਾਲ ਸਿੰਘ ਨੇ ਮੁਲਜ਼ਮ ਦੀਪਕ ਅਰੋੜਾ ਦੇ 7 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਇਮੀਗਰੇਸ਼ਨ ਧੋਖਾਧੜਾ ਦੇ ਮਾਮਲੇ ਵਿੱਚ ਅੰਮ੍ਰਿਤਸਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆਂਦਾ ਗਿਆ ਹੈ। ਉਸ ਦੇ ਖ਼ਿਲਾਫ਼ ਜ਼ਿਲ੍ਹਾ ਕਪੂਰਥਲਾ ਦੇ ਵਸਨੀਕ ਮਨਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਅਰੋੜਾ ਨੇ ਜੈੱਟ ਇਮੀਗਰੇਸ਼ਨ ਕੰਪਨੀ ਰਾਹੀਂ ਉਸ ਨੂੰ ਵਿਦੇਸ਼ ਵਿੱਚ ਭੇਜਣ ਲਈ 4 ਲੱਖ ਰੁਪਏ ਲਏ ਸੀ ਲੇਕਿਨ ਬਾਅਦ ਵਿੱਚ ਨਾ ਤਾਂ ਉਸ ਨੂੰ ਵਿਦੇਸ਼ ਹੀ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਅਤੇ ਪਾਸਪੋਰਟ ਤੇ ਹੋਰ ਜਰੂਰੀ ਦਸਤਾਵੇਜ਼ ਹੀ ਵਾਪਸ ਕੀਤੇ ਗਏ ਹਨ। ਪੁਲੀਸ ਅਨੁਸਾਰ ਦੀਪਕ ਅਰੋੜਾ ਦੇ ਖ਼ਿਲਾਫ਼ ਠੱਗੀ ਦੇ ਸੈਂਕੜੇ ਕੇਸ ਦਰਜ ਹਨ। ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਨ ਲਈ ਰੂਪੋਸ਼ ਹੋ ਗਿਆ ਸੀ। ਬਾਅਦ ਵਿੱਚ ਸਟਾਫ਼ ਵੀ ਕੰਪਨੀ ਦੇ ਸਾਰੇ ਦਫ਼ਤਰਾਂ ਨੂੰ ਤਾਲੇ ਜੜ੍ਹ ਕੇ ਦੌੜ ਗਏ ਸੀ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੁਲਜ਼ਮ ਨੂੰ ਅੰਮ੍ਰਿਤਸਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਜੋ ਹੁਣ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਸੀ। ਮੁਹਾਲੀ ਪੁਲੀਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਉਧਰ, ਬਚਾਅ ਪੱਖ ਦੇ ਵਕੀਲ ਐਚ.ਐਸ. ਪੰਨੂੰ ਨੇ ਕਿਹਾ ਕਿ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਦੀਪਕ ਅਰੋੜਾ ਪਹਿਲਾਂ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ। ਜਿੱਥੋਂ ਮੁਹਾਲੀ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਮੁਲਜ਼ਮ ਤੋਂ ਕੀ ਬਰਾਮਦਗੀ ਕੀਤੀ ਜਾ ਸਕਦੀ ਹੈ। ਲਿਹਾਜ਼ਾ ਮੁਲਜ਼ਮ ਨੂੰ ਮੁੜ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਵੇ।