ਮਿਉਂਸਪਲ ਚੋਣਾਂ: 7 ਨਗਰ ਕੌਂਸਲਾਂ ਦੇ 145 ਵਾਰਡਾਂ ਚੋਂ 85 ’ਤੇ ਕਾਂਗਰਸ, 34 ’ਤੇ ਅਕਾਲੀ ਦਲ ਜੇਤੂ

ਭਾਜਪਾ ਦੇ 5 ਉਮੀਦਵਾਰ ਅਤੇ 20 ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਬਾਜੀ ਮਾਰੀ

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ‘ਆਪ’ ਦਾ ਸਿਰਫ਼ 1 ਉਮੀਦਵਾਰ ਹੀ ਚੋਣ ਜਿੱਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਸੱਤ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਘੋਸ਼ਿਤ ਕੀਤੇ ਗਏ। ਮੁਹਾਲੀ ਜ਼ਿਲ੍ਹੇ ਵਿੱਚ 7 ਨਗਰ ਕੌਂਸਲਾਂ ਦੇ 145 ਵਾਰਡਾਂ ਚੋਂ 85 ਸੀਟਾਂ ’ਤੇ ਕਾਂਗਰਸ, 34 ਅਕਾਲੀ ਦਲ ਜੇਤੂ ਰਿਹਾ। ਕਿਸਾਨ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਵਿਰੁੱਧ ਲੋਕ ਰੋਹ ਦੇ ਬਾਵਜੂਦ ਭਾਜਪਾ ਦੇ 5 ਉਮੀਦਵਾਰ ਚੋਣ ਜਿੱਤ ਗਏ ਹਨ, 20 ਥਾਵਾਂ ’ਤੇ ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ ਜਦੋਂਕਿ ਆਪ ਦਾ ਸਿਰਫ਼ 1 ਹੀ ਉਮੀਦਵਾਰ ਚੋਣ ਜਿੱਤਿਆ ਹੈ। ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਸ਼ੁਰੂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ। ਗਿਣਤੀ ਕੇਂਦਰਾਂ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਗਏ ਸੀ। ਸਵੇਰੇ 10 ਵਜੇ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ ਅਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਡੀ ਲੀਡ ’ਤੇ ਅੱਗੇ ਚੱਲਣ ਅਤੇ ਜਿੱਤ ਦੀ ਖ਼ਬਰ ਸੁਣਦੇ ਹੀ ਜਸ਼ਨ ਮਨਾਉਣੇ ਅਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ।
ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਮਿਉਂਸਪਲ ਚੋਣਾਂ ਦੇ ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ 7 ਮਿਉਂਸਪਲ ਕਮੇਟੀਆਂ ਦੇ 145 ਵਾਰਡਾਂ ‘ਚੋਂ 85 ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ, 34 ਥਾਵਾਂ ‘ਤੇ ਅਕਾਲੀ ਦਲ, 5 ਥਾਵਾਂ ਤੇ ਭਾਜਪਾ ਅਤੇ 20 ਥਾਵਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਦੋਂਕਿ ਆਮ ਆਦਮੀ ਪਾਰਟੀ ਦੇ ਇਕ ਉਮੀਦਵਾਰ ਨੇ ਚੋਣ ਜਿੱਤੀ ਹੈ।
ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਿਉਂਸਪਲ ਕੌਂਸਲ ਕੁਰਾਲੀ ਦੇ 17 ਵਾਰਡਾਂ ’ਚੋਂ 9 ਤੇ ਕਾਂਗਰਸ , 5 ਤੇ ਆਜ਼ਾਦ, 2 ’ਤੇ ਅਕਾਲੀ ਦਲ ਅਤੇ 1 ’ਤੇ ਭਾਜਪਾ ਉਮੀਦਵਾਰ ਜੇਤੂ ਰਿਹਾ। ਮਿਉਂਸਪਲ ਕੌਂਸਲ ਬਨੂੜ ਦੇ 13 ਵਾਰਡਾਂ ’ਚੋਂ 12 ’ਤੇ ਕਾਂਗਰਸ ਅਤੇ ਅਕਾਲੀ ਦਲ ਦਾ ਇਕ ਉਮੀਦਵਾਰ ਜੇਤੂ ਰਿਹਾ। ਨਵਾਂ ਗਰਾਓਂ ਦੇ 21 ਵਾਰਡਾਂ ’ਚੋਂ 10 ’ਤੇ ਅਕਾਲੀ ਦਲ, 6 ‘ਤੇ ਕਾਂਗਰਸ, 3 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਲਾਲੜੂ ਦੇ 17 ਵਾਰਡਾਂ ’ਚੋਂ 12 ‘ਤੇ ਕਾਂਗਰਸ, 2 ’ਤੇ ਅਕਾਲੀ ਦਲ ਅਤੇ 3 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਜ਼ੀਰਕਪੁਰ ਦੇ 31 ਵਾਰਡਾਂ ’ਚੋਂ 23 ਤੇ ਕਾਂਗਰਸ ਅਤੇ 8 ’ਤੇ ਅਕਾਲੀ ਦਲ ਉਮੀਦਵਾਰ ਜੇਤੂ ਰਹੇ। ਡੇਰਾਬੱਸੀ ਦੇ 19 ਵਾਰਡਾਂ ’ਚੋਂ 13 ‘ਤੇ ਕਾਂਗਰਸ, 3 ‘ਤੇ ਅਕਾਲੀ ਦਲ, 1 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਖਰੜ ਦੇ 27 ਵਾਰਡਾਂ ’ਚੋਂ 10 ’ਤੇ ਕਾਂਗਰਸ, 8 ’ਤੇ ਅਕਾਲੀ ਦਲ, 8 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਜਦੋਂਕਿ ਅਗਲੇ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਆਮ ਆਦਮੀ ਪਾਰਟੀ (ਆਪ) ਦਾ ਸਿਰਫ਼ ਇਕ ਹੀ ਉਮੀਦਵਾਰ ਜੇਤੂ ਰਿਹਾ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …