ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਜ਼ਬਰਦਸਤ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਕੇਂਦਰ ਕਾਂਗਰਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਭਾਰੀ ਵਾਧੇ ਖ਼ਿਲਾਫ਼ ਅੱਜ ਇੱਥੇ ਕਾਂਗਰਸੀ ਵਰਵਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਜਿਸ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਸੀਨੀਅਰ ਆਗੂ ਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਅਤੇ ਯੂਥ ਆਗੂ ਯਾਦਵਿੰਦਰ ਸਿੰਘ ਕੰਗ ਨੂੰ ਆਪਣੇ ਲੈ ਕੇ ਨਾਲ ਪ੍ਰਧਾਨ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ, ਜਦੋਂ ਕਿ ਕੌਮਾਂਤਰੀ ਪੱਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਇਸ ਦੇ ਬਾਵਜੂਦ ਤੇਲ ਕੀਮਤਾਂ ਵਿੱਚ ਗੈਰ ਸੰਗਤ ਤਰੀਕੇ ਨਾਲ ਵਾਧਾ ਕੀਤਾ ਜਾ ਰਿਹਾ ਹੈ, ਜੋ ਲੌਕਡਾਊਨ ਕਾਰਨ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਉਤੇ ਦੂਹਰੀ ਮਾਰ ਹੈ। ਉਨਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਦੇ ਅਸਰ ਬਹੁ-ਪਸਾਰੀ ਹੋਣਗੇ। ਇਸ ਨਾਲ ਜਿੱਥੇ ਜਨਤਕ ਟਰਾਂਸਪੋਰਟ ਮਹਿੰਗੀ ਹੋਵੇਗੀ, ਉਥੇ ਮਾਲ ਦੀ ਢੋਆ-ਢੁਆਈ ਮਹਿੰਗੀ ਹੋਣ ਨਾਲ ਮਹਿੰਗਾਈ ਵਧੇਗੀ, ਜੋ ਲੋਕਾਂ ਉਤੇ ਕੋਰੋਨਾ ਤੋਂ ਵੀ ਵੱਡੀ ਮਾਰ ਹੋਵੇਗੀ। ਉਨਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ਉਤੇ 1300 ਕਰੋੜ ਰੁਪਏ ਦਾ ਬੋਝ ਪਵੇਗਾ ਕਿਉਂਕਿ ਫ਼ਸਲਾਂ ਦੀ ਲਾਗਤ ਵਧੇਗੀ।
ਜ਼ਿਲ੍ਹਾ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾ ਕੇ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਦਾ ਯਤਨ ਕਰ ਰਹੀ ਹੈ, ਜਦੋਂ ਕਿ ਕੇਂਦਰ ਸਰਕਾਰ ਰੋਜ਼ਾਨਾ ਕੀਮਤਾਂ ਵਧਾ ਕੇ ਲੋਕਾਂ ਦਾ ਦੀਵਾਲਾ ਕੱਢਣ ਉਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾਂ ਕਾਂਗਰਸ ਇਸ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਵਿੱਢੇਗੀ ਅਤੇ ਭਾਜਪਾ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ। ਨਰਿੰਦਰ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਗਰਦਾਨਦਿਆਂ ਉਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹੋਣ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਇਹ ਸਰਕਾਰ ਹੁਣ ਸਿਰਫ਼ ਸਰਮਾਏਦਾਰਾਂ ਦੇ ਪੱਖ ਵਿੱਚ ਭੁਗਤਣ ਵਾਲਾ ਇਕ ਸੰਦ ਬਣ ਕੇ ਰਹਿ ਗਈ ਹੈ, ਜਿਸ ਤੋਂ ਆਮ ਆਦਮੀ ਨੂੰ ਰਾਹਤ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।
ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ, ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ ਮਨਜੀਤ ਸਿੰਘ ਤੰਗੌਰੀ, ਕੁਲਜੀਤ ਸਿੰਘ ਬੇਦੀ ਸਾਬਕਾ ਕੌਂਸਲਰ, ਰਾਜਾ ਕੰਵਰਜੋਤ ਸਿੰਘ, ਪ੍ਰਧਾਨ ਜ਼ਿਲਾ ਯੂਥ ਕਾਂਗਰਸ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਅਮਰੀਕ ਸਿੰਘ ਸੋਮਲ, ਐਨਐਸ ਸਿੱਧੂ, ਨਛੱਤਰ ਸਿੰਘ, ਭਾਰਤ ਭੂਸ਼ਨ ਮੈਣੀ, ਸੁਰਿੰਦਰ ਸਿੰਘ ਰਾਜਪੂਤ, ਜਸਵੀਰ ਸਿੰਘ ਮਣਕੂ, ਰਾਜਿੰਦਰ ਸਿੰਘ ਰਾਣਾ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਜਸਵਿੰਦਰ ਕੌਰ, ਬੂਟਾ ਸਿੰਘ ਸੋਹਾਣਾ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਹਰਜੀਤ ਸਿੰਘ ਘੋਲੂ, ਰਾਜਿੰਦਰ ਸਿੰਘ ਰਾਏਪੁਰ ਕਲਾਂ, ਬਾਲ ਸ਼ਿਨ ਸਰਪੰਚ ਮੌਲੀ ਬੈਦਵਾਣ, ਸਰਬਜੀਤ ਸਿੰਘ, ਇੰਦਰਜੀਤ ਸ਼ਰਮਾ, ਗੁਰਸਾਹਿਬ ਸਿੰਘ, ਖਰੜ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ, ਬਲਾਕ ਮਾਜਰੀ ਦੇ ਪ੍ਰਧਾਨ ਗਿਆਨ ਸਿੰਘ ਘੰਡੌਲੀ, ਰਣਜੀਤ ਸਿੰਘ ਰੈਡੀ, ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਕਮੇਟੀ ਦੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …