nabaz-e-punjab.com

ਕਾਂਗਰਸੀਆਂ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ: ਚੰਦੂਮਾਜਰਾ

ਅਕਾਲੀ ਆਗੂ ਚੰਦੂਮਾਜਰਾ ਨੇ ਮਨੀਸ਼ ਤਿਵਾੜੀ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ ਕਬੂਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਕਾਂਗਰਸ ਪਾਰਟੀ ਨੇ ਪੰਜਾਬੀ ਸੂਬੇ ਦੀ ਸਥਾਪਨਾ ਵੇਲੇ ਹੀ ਸਥਾਪਤ ਨਿਯਮਾਂ, ਰਵਾਇਤਾਂ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਪੰਜਾਬ ਦੇ ਵਿਕਾਸ ਦੇ ਪੈਰਾਂ ਵਿੱਚ ਪੰਜਾਬ ਪੁਨਰਗਠਨ ਕਾਨੂੰਨ ਦੀਆਂ ਧਾਰਾਵਾਂ 78, 79 ਅਤੇ 80 ਦੀਆਂ ਬੇੜੀਆਂ ਪਾਈਆਂ ਅਤੇ ਕਾਂਗਰਸੀਆਂ ਹਮੇਸ਼ਾਂ ਵਿਕਾਸ ਦਸੇ ਰਾਹ ਵਿੱਚ ਰੋੜੇ ਅਟਕਾਉਂਦੇ ਸੂਬੇ ਦੀ ਤਰੱਕੀ ਦੀ ਰਾਹ ਵਿੱਚ ਮੁਜਰਮਾਂ ਵਾਂਗ ਕਟਹਿਰੇ ਵਿੱਚ ਖੜ੍ਹੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਭਾਜਪਾ ਦੇ ਸਾਂਝੇ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਆਪਣੇ ਚੋਣ ਪ੍ਰਚਾਰ ਦੌਰਾਨ ਕੀਤਾ।
ਸ੍ਰੀ ਚੰਦੂਮਾਜਰਾ ਨੇ ਕਾਂਗਰਸ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਝੂਠੇ ਚੋਣ ਵਾਅਦਿਆਂ ਦੇ ਮੱਦੇ ’ਤੇ ਹੁਕਮਰਾਨਾਂ ਨੂੰ ਘੇਰਿਆ ਅਤੇ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਵੱਲੋਂ ਵਿਕਾਸ ਦੇ ਮੁੱਦੇ ’ਤੇ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ (ਚੰਦੂਮਾਜਰਾ) ਜਨਤਕ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰੂਹ ਤੇ ਵਰਤਮਾਨ ਸਥਿਤੀ ਤੋਂ ਮੂਲੋਂ ਹੀ ਟੁੱਟੇ ਹੋਏ ਮਨੀਸ਼ ਤਿਵਾੜੀ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਸਮੇਤ ਪੰਜਾਬ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਤਿਵਾੜੀ ਜਿਹੜੀਆਂ ਵਿਸਾਖੀਆਂ ਦੇ ਸਹਾਰੇ ਚੱਲਣ ਦੀ ਗੱਲ ਕਰ ਰਹੇ ਹਨ, ਅਸਲ ਵਿੱਚ ਉਹ ਕਾਂਗਰਸੀ ਆਗੂ ਚੌਧਰ ਦੀ ਖ਼ਾਤਰ ਆਪਸ ਵਿੱਚ ਲੜ ਰਹੇ ਹਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਅਤੇ ਸੰਸਦ ਦੀਆਂ ਸਰਗਰਮੀਆਂ ਤੋਂ ਦੂਰ ਰਹੇ ਮੁਨੀਸ਼ ਤਿਵਾੜੀ ਨੂੰ ਤਾਂ ਇਹ ਵੀ ਜਾਣਕਾਰੀ ਨਹੀਂ ਹੈ ਕਿ ਮੌਜੂਦਾ ਕੇਂਦਰ ਸਰਕਾਰ ਵਿੱਚ ਭਾਈਵਾਲ ਪਾਰਟੀ ਹੁੰਦਿਆਂ ਉਨ੍ਹਾਂ ਨੇ ਲੋਕ ਸਭਾ ਵਿੱਚ ਕਿੰਨੇ ਮਸਲੇ ਉਠਾਏ ਅਤੇ ਕਿੰਨੀਆਂ ਮੰਗਾਂ ਮਨਵਾਈਆਂ ਹਨ। ਉਨ੍ਹਾਂ ਕਿਹਾ ਕਿ ਨਵੰਬਰ 84 ਵਿੱਚ ਸਿੱਖਾਂ ਦੇ ਕਤਲੇਆਮ ਨੂੰ ਲੋਕ ਸਭਾ ਵਿੱਚ ਕਾਂਗਰਸ ਵੱਲੋਂ ‘ਦੰਗੇ’ ਕਹਿਣ ਦਾ ਡਟਵਾਂ ਵਿਰੋਧ ਕਰਨ ’ਤੇ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਦਨ ਵਿੱਚ ਬਿਆਨ ਦੇਣਾ ਪਿਆ ਕਿ ਉਹ ਦੰਗੇ ਨਹੀਂ ਸਗੋਂ ਸਿੱਖਾਂ ਦੀ ‘ਨਸਲਕੁਸ਼ੀ’ ਸੀ।
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਦੇਸ਼ ਦੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਮੰਗ ਵੀ ਸਰਕਾਰ ਨੂੰ ਮੰਨਣੀ ਪਈ। ਇਸੇ ਦੌਰਾਨ ਸ੍ਰੀ ਚੰਦੂਮਾਜਰਾ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁਹਾਲੀ ਦੇ ਸੈਕਟਰ-67, ਸੈਕਟਰ-70 ਅਤੇ ਪਿੰਡ ਕੈਲੋਂ ਅਤੇ ਪਿੰਡ ਮਨਾਣਾ ਵਿੱਚ ਚੋਣ ਪ੍ਰਚਾਰ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਜਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ, ਕੋਰ ਕਮੇਟੀ ਮੈਂਬਰ ਰਾਜਵੰਤ ਕੌਰ, ਕੁਲਦੀਪ ਕੌਰ ਕੰਗ, ਹਰਜਿੰਦਰ ਸਿੰਘ ਬਲੌਂਗੀ, ਅਜੈਬ ਸਿੰਘ ਪਟਵੀ, ਦਿਨੇਸ਼ ਬਲੌਂਗੀ, ਰਣਧੀਰ ਸਿੰਘ ਤੇ ਰਕੇਸ਼ ਸ਼ਰਮਾ, ਰਣਜੀਤ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਰਣਧੀਰ ਸਿੰਘ, ਕਰਮ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…