Share on Facebook Share on Twitter Share on Google+ Share on Pinterest Share on Linkedin ਆਪਣੀਆਂ ਜੜਾਂ ਨਾਲ ਜੁੜੋ: ਇੰਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਜਥਾ ਪੰਜਾਬ ਆਇਆ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ 16 ਅਗਸਤ ਤੱਕ ਜੰਗੀ ਯਾਦਗਾਰ, ਧਾਰਮਿਕ, ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਥਾਵਾਂ ਦਾ ਕਰਨਗੇ ਦੌਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਆਪਣੀਆਂ ਜੜਾਂ ਨਾਲ ਜੁੜੋ’ ਵਿਸ਼ੇਸ਼ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਬੈਚ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ। ਜਿੱਥੇ ਉਨ੍ਹਾਂ ਦਾ ਐਨਆਰਆਈ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਅਤੇ ਮੁੱਖ ਮੰਤਰੀ ਦੇ ਓਐਸਡੀ ਜਗਦੀਪ ਸਿੰਘ ਸੰਧੂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਨੌਜਵਾਨਾਂ ਦੀ ਇਹ ਟੋਲੀ 16 ਅਗਸਤ ਤੱਕ ਚੱਪੜਚਿੜੀ ਜੰਗੀ ਯਾਦਗਾਰ ਸਮੇਤ ਪੰਜਾਬ ਦੀਆਂ ਵੱਖ-ਵੱਖ ਇਤਿਹਾਸਕ ਥਾਵਾਂ ਦਾ ਦੌਰਾ ਕਰੇਗੀ। ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ 16 ਤੋਂ 22 ਸਾਲ ਦੀ ਉਮਰ ਤੱਕ ਦੇ ਅੱਠ ਨੌਜਵਾਨ ਅਤੇ 6 ਲੜਕੀਆਂ ਦੀ ਇਹ ਟੋਲੀ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਸਭਿਆਚਾਰ ਅਤੇ ਵਿਰਾਸਤ ਬਾਰੇ ਜਾਣੂ ਹੋਣ ਤੋਂ ਇਲਾਵਾ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਦਾ ਦੌਰਾ ਕਰੇਗੀ। ਇਹ ਨੌਜਵਾਨ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੇ ਸਾਕ ਸਬੰਧੀਆਂ ਨੂੰ ਮਿਲ ਕੇ ਪਰਿਵਾਰਕ ਸਾਂਝ ਤੋਂ ਵੀ ਜਾਣੂ ਹੋਣਗੇ। ਆਪਣੇ ਪੁਰਖਿਆਂ ਦੀ ਧਰਤੀ ’ਤੇ ਪਹਿਲੀ ਵਾਰ ਪੰਜਾਬ ਆਉਣ ’ਤੇ ਖ਼ੁਸ਼ੀ ਜਾਹਰ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਾਣੀਆਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੂੰ ਮਿਲਣ ਦਾ ਸਬੱਬ ਬਣੇਗਾ ਜਿਨ੍ਹਾਂ ਨਾਲ ਪੰਜਾਬ ਅਤੇ ਇੰਗਲੈਂਡ ਦੀਆਂ ਰਵਾਇਤਾਂ, ਭਾਸ਼ਾ, ਬੋਲੀ ਅਤੇ ਖਾਣ ਪੀਣ ਬਾਰੇ ਤਜਰਬੇ ਅਤੇ ਵਿਚਾਰਾਂ ਦੀ ਸਾਂਝ ਪਾਉਣ ਦਾ ਨਿਵੇਕਲਾ ਮੌਕਾ ਹਾਸਲ ਹੋਵੇਗਾ। ਇਸ ਮੌਕੇ ਐਸ.ਆਰ. ਲੱਧੜ ਨੇ ਦੱਸਿਆ ਕਿ ਸਰਕਾਰ ਦੇ ਇਸ ਪ੍ਰੋਗਰਾਮ ਤਹਿਤ ਹੋਰ ਗਰੁੱਪ ਵੀ ਵੱਖ ਵੱਖ ਮੁਲਕਾਂ ਤੋਂ ਪੰਜਾਬ ਆਉਣਗੇ। ਉਨ੍ਹਾਂ ਕਿਹਾ ਇਹ ਗਰੁੱਪ ਜ਼ਿਲ੍ਹਾ ਮੁਹਾਲੀ ਸਮੇਤ ਜਲੰਧਰ, ਪਟਿਆਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਅਤੇ ਫਰੀਦਕੋਟ ਵਿੱਚ ਆਪਣੇ ਪੁਰਖਿਆਂ ਦੇ ਜੱਦੀ ਸਥਾਨਾਂ ’ਤੇ ਵੀ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਟੋਲੀ ਵਿੱਚ ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਸ਼ਿਰਕਤ ਕਰਨਾ ਹੈ। ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਦਾ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ, ਜੱਲਿਆਂਵਾਲਾ ਬਾਗ, ਜੰਗੀ ਯਾਦਗਾਰ, ਅਟਾਰੀ-ਵਾਹਗਾ ਬਾਰਡਰ ਅਤੇ ਗੋਬਿੰਦਗੜ੍ਹ ਕਿਲੇ ’ਤੇ ਵੀ ਜਾਣ ਦਾ ਪ੍ਰੋਗਰਾਮ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਪੰਜਾਬ ਸਿਵਲ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਰੌਕ ਗਾਰਡਨ, ਪਟਿਆਲਾ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਅਤੇ ਪੰਜਾਬੀ ਯੂਨੀਵਰਸਿਟੀ ਸਮੇਤ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ’ਤੇ ਨਤਮਸਤਕ ਹੋਣਗੇ। ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਖ਼ਤ ਸ੍ਰੀ ਕੇਸਗੜ ਸਾਹਿਬ ਵਿੱਚ ਨਤਮਸਤਕ ਹੋਣਗੇ ਅਤੇ ਖਾਲਸਾ ਵਿਰਾਸਤੀ ਕੰਪਲੈਕਸ ਵਿੱਚ ਵੀ ਜਾਣਗੇ। ਇੰਝ ਹੀ ਸ੍ਰੀ ਗੁਰੂ ਰਵਿਦਾਸ ਯਾਦਗਾਰ, ਖੁਰਾਲਗੜ੍ਹ ਵਿੱਚ ਜਾਣ ਤੋਂ ਇਲਾਵਾ ਅਨੂਠੀ ਦਸਤਕਾਰੀ ਲਈ ਪ੍ਰਸਿੱਧ ਹੁਸ਼ਿਆਰਪੁਰ ਦਾ ਵੀ ਦੌਰਾ ਕਰਨਗੇ। ਇਹ ਟੋਲੀ ਜਲੰਧਰ ਵਿੱਚ ਵੱਖ-ਵੱਖ ਸਨਅਤੀ ਯੂਨਿਟਾਂ ਦਾ ਦੌਰਾ ਕਰਨ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ