ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਦੇ ਦੋਸ਼ ਵਿੱਚ ਪਿੰਡ ਧਰਮਗੜ੍ਹ ਦੇ ਜਲ ਘਰ ਦਾ ਕੁਨੈਕਸ਼ਨ ਕੱਟਿਆਂ
ਪਿੰਡ ਧਰਮਗੜ੍ਹ, ਪਿੰਡ ਕੰਡਾਲਾ ਤੇ ਜਗਤਪੁਰਾ ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ, ਲੋਕਾਂ ਵਿੱਚ ਮਚੀ ਹਾਹਾਕਾਰ
ਡਾਇਰੀ ਫਾਰਮਿੰਗ ਸਮੇਤ ਕਰੀਬ 500 ਮੱਝਾਂ ਤੇ ਗਊਆਂ ਵੀ ਪਿਆਸੀਆਂ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਦੇ ਦੋਸ਼ ਵਿੱਚ ਪਿੰਡ ਧਰਮਗੜ੍ਹ ਦੇ ਜਲ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਜਲ ਘਰ ਤੋਂ ਪਿੰਡ ਧਰਮਗੜ੍ਹ ਸਮੇਤ ਨੇੜਲੇ ਪਿੰਡ ਕੰਡਾਲਾ ਅਤੇ ਜਗਤਪੁਰਾ ਕਲੋਨੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ। ਹਾਲਾਂਕਿ ਕੁੱਝ ਦਿਨ ਪਹਿਲਾਂ ਹੀ ਬਿਜਲੀ ਬੋਰਡ ਦੇ ਜੇਈ ਦੀ ਰਿਪੋਰਟ ’ਤੇ ਜਲ ਘਰ ਲਈ ਵੱਖਰਾ ਟਰਾਂਸਪੋਰਟ ਲਗਾਇਆ ਜਾਣਾ ਸੀ ਪ੍ਰੰਤੂ ਬੋਰਡ ਨੇ ਟਰਾਂਸਪੋਰਟ ਲਗਾਉਣ ਦੀ ਥਾਂ ਬਿਜਲੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ।
ਦੱਸਿਆ ਗਿਆ ਹੈ ਕਿ ਜਲ ਸਪਲਾਈ ਵਿਭਾਗ ਵੱਲ ਬਿਜਲੀ ਬਿੱਲ ਦੇ ਲੱਖਾਂ ਰੁਪਏ ਬਕਾਇਆ ਰਹਿੰਦੇ ਹਨ ਲੇਕਿਨ ਅਧਿਕਾਰੀਆਂ ਨੇ ਬਿੱਲ ਭੁਗਤਾਨ ਦੇ ਰੂਪ ਵਿੱਚ ਇੱਕ ਧੇਲਾ ਵੀ ਜਮ੍ਹਾਂ ਨਹੀਂ ਕਰਵਾਇਆ ਹੈ। ਜਿਸ ਕਾਰਨ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਪਿੰਡਾਂ ਦੇ ਲੋਕਾਂ ਦੇ ਗਲੇ ਸੁੱਕ ਗਏ ਹਨ। ਇਹੀ ਨਹੀਂ ਬਿਜਲੀ ਬੋਰਡ ਦੀ ਇਸ ਕਾਰਵਾਈ ਨਾਲ ਡਾਇਰੀ ਫਾਰਮਿੰਗ ਸਮੇਤ ਕਰੀਬ 500 ਮੱਝਾਂ ਅਤੇ ਗਊਆਂ ਵੀ ਪਿਆਸੀਆਂ ਖੜੀਆਂ ਹਨ। ਇਨ੍ਹਾਂ ਪਿੰਡਾਂ ਦੇ ਲੋਕ ਖੇਤਾਂ ਵਿੱਚ ਲੱਗੀਆਂ ਮੋਟਰਾਂ ਅਤੇ ਸਮਰਸੀਬਲ ਪੰਪਾਂ ਤੋਂ ਪਾਣੀ ਢੋਣ ਲਈ ਮਜ਼ਬੂਰ ਹਨ।
ਇਸ ਸਬੰਧੀ ਪਿੰਡ ਧਰਮਗੜ੍ਹ ਦੇ ਸਰਪੰਚ ਗਿਆਨ ਸਿੰਘ, ਗੁਰਦੇਵ ਸਿੰਘ ਭੁੱਲਰ, ਬਲਜੀਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਮੋਹਨ ਸਿੰਘ ਅਤੇ ਰਣਜੀਤ ਸਿੰਘ ਗਿੱਲ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਪਾਵਰਕੌਮ ਦੇ ਅਧਿਕਾਰੀਆਂ ਨੇ ਧਰਮਗੜ੍ਹ ਦੇ ਜਲ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦੇਣ ਕਾਰਨ ਧਰਮਗੜ੍ਹ ਸਮੇਤ ਪਿੰਡ ਕੰਡਾਲਾ ਅਤੇ ਜਗਤਪੁਰਾ ਕਲੋਨੀ ਦੇ 2 ਹਜ਼ਾਰ ਤੋਂ ਵੱਧ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਇਹੀ ਨਹੀਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਪਸ਼ੂ ਵੀ ਪਿਆਸੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਅਤੇ ਕਲੋਨੀ ਵਾਸੀ ਜਲ ਸਪਲਾਈ ਵਿਭਾਗ ਨੂੰ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਆ ਰਹੇ ਹਨ ਲੇਕਿਨ ਵਿਭਾਗ ਦੇ ਅਧਿਕਾਰੀਆਂ ਨੇ ਅੱਗੇ ਬਿਜਲੀ ਦਾ ਬਿੱਲ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਰੀਬ 20 ਲੱਖ ਰੁਪਏ ਬਿਜਲੀ ਬਿੱਲ ਦੇ ਬਕਾਇਆ ਪਿਆ ਹੈ। ਜਿਸ ਕਾਰਨ ਅੱਜ ਪਾਵਰਕੌਮ ਦੇ ਅਧਿਕਾਰੀਆਂ ਨੇ ਜਲ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਜਿਸ ਕਾਰਨ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।