
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੋਂ ਵਾਂਝੇ ਰੱਖਣ ਦੀ ਸਾਜ਼ਿਸ਼, 1 ਹਜ਼ਾਰ ਅੰਗਰੇਜ਼ੀ ਸ਼ਬਦਾਂ ਦਾ ਰੱਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਪੰਜਾਬ ਵਿੱਚ ਛੇਵੀਂ ਸਤਵੀਂ ਅਤੇ ਅੱਠਵੀਂ ਜਮਾਤਾਂ ਨੂੰ ਅੰਗਰੇਜ਼ੀ ਸਿਖਾਉਣ ਦੇ ਮੰਤਵ ਨਾਲ਼ ਇੱਕ ਹਜ਼ਾਰ ਸ਼ਬਦ ਪੜ੍ਹਨ-ਲਿਖਣ ਅਤੇ ਅਰਥ ਸਮਝਣ ਲਈ ਸਕੂਲਾਂ ਵਿੱਚ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਅਧੀਨ ਭੇਜੇ ਹਨ। ਸਿੱਖਿਆ ਵਿਭਾਗ ਦੇ ਡੀਜੀਐਸਈ ਦਫ਼ਤਰ ਦੇ ਪੱਧਰ ਤੋਂ ਕੀਤੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਸਾਬਕਾ ਜਨਰਲ ਸਕੱਤਰ ਸੁੱਚਾ ਸਿੰਘ ਖਟੱੜਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਤੋਂ ਕੋਰੇ ਰੱਖਣ ਲਈ ਇਹ ਇੱਕ ਸਾਜਿਸ਼ ਹੈ ਜਿਸ ਦਾ ਸਿੱਖਿਆ ਸਕੱਤਰ ਅਤੇ ਵਿੱਦਿਆ ਮੰਤਰੀ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।
ਸ੍ਰੀ ਖੱਟੜਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੀ ਖ਼ੂਬੀ ਹੈ ਕਿ ਇਸ ਭਾਸ਼ਾ ਦਾ ਇੱਕ ਹੀ ਸ਼ਬਦ ਵੱਖ-ਵੱਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਆਪਣੇ ਵੰਨਗੀ ਅਰਥਾਂ ਦੀ ਬਦਲਦੀ ਵੰਨਗੀ ਦਿੰਦਾ ਹੈ। ਇਹ ਸਾਰਾ ਕੁਝ ਪਰਿਸਥਿਤੀਆਂ ਵਿੱਚ ਵਾਕ ਅਤੇ ਵਾਕਾਂ ਵਿਚ ਸ਼ਬਦਾਂ ਦੀ ਵਿਆਕਰਨਕ ਭੂਮਿਕਾ ਅਨੁਸਾਰ ਹੀ ਸਮਝਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਸ਼ਬਦ ਨੂੰ ਵੱਖ-ਵੱਖ ਪਰਿਸਥਿਤੀਆਂ ਵਿੱਚ ਵੱਖ-ਵੱਖ ਵਾਕਾਂ ਰਾਹੀਂ ਹੀ ਸਮਝਿਆ-ਸਮਝਾਇਆ ਜਾ ਸਕਦਾ ਹੈ। ਦਿੱਤੇ ਹੋਏ ਇੱਕ ਹਜ਼ਾਰ ਸ਼ਬਦਾਂ ਵਿੱਚ ਅਨੇਕਾਂ ਸ਼ਬਦ ਅਜਿਹੇ ਹਨ ਜਿਨ੍ਹਾਂ ਦੀ ਨਾ ਹੀ ਕੋਈ ਸੁਤੰਤਰ ਹੋਂਦ ਹੈ ਅਤੇ ਨਾ ਹੀ ਕੋਈ ਸੁਤੰਤਰ ਅਰਥ। ਸ੍ਰੀ ਖੱਟੜਾ ਨੇ ਬਿਆਨ ਵਿੱਚ ਕਿਹਾ ਕਿ ਸਕੂਲਾਂ ਨੂੰ ਦਿੱਤੇ ਇਸ ਕੰਮ ਵਿੱਚ ਲੱਖਾਂ ਵਿਦਿਆਰਥੀਆਂ ਅਤੇ ਹਜ਼ਾਰਾਂ ਅਧਿਆਪਕਾਂ ਦੇ ਕੀਮਤੀ ਸਮੇਂ ਅਤੇ ਊਰਜਾ ਨੂੰ ਬੇ-ਅਰਥ ਗੁਆਇਆ ਜਾਵੇਗਾ।
ਸ੍ਰੀ ਖੱਟੜਾ ਨੇ ਅਧਿਆਪਕ ਜਥੇਬੰਦੀਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬੰਦ ਹੋਣ ਤੋਂ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਇਹਨਾਂ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬਚਾਇਆ ਜਾਵੇ। ਡੀਜੀਐਸਈ ਦਫ਼ਤਰ ਦੀ ਉਪਰੋਕਤ ਕਾਰਵਾਈ ਨਾਲ਼ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਿਕਾਸ ਦੀ ਥਾਂ ਵਿਨਾਸ਼ ਹੋਵੇਗਾ ਅਤੇ ਅਧਿਆਪਕ ਜਥੇਬੰਦੀਆਂ ਨੂੰ ਬੰਦ ਸਕੂਲ ਖੁਲ੍ਹਵਾਉਣ ਦੇ ਨਾਲੋਂ ਵੀ ਅਜਿਹੇ ਮੁੱਦਿਆਂ ਨੂੰ ਵੱਧ ਮਹੱਤਤ ਦੇਣੀ ਚਾਹੀਦੀ ਹੈ।