
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਉਸਾਰੂ ਬਹਿਸ
ਸਿਟੀ ਬੱਸ ਸੇਵਾ ਦਾ ਮਤਾ ਲਿਆ ਕੇ ਮੇਅਰ ਨੇ ਸ਼ਹਿਰ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਹੋਈ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਉਸਾਰੂ ਬਹਿਸ ਕਰਦਿਆਂ ਕਾਬਜ਼ ਧਿਰ ਨੂੰ ਘੇਰਨ ਦਾ ਯਤਨ ਕੀਤਾ ਅਤੇ ਰੋਲੇ ਰੱਪੇ ਦੌਰਾਨ ਵਿਕਾਸ ਮਤੇ ਪਾਸ ਕਰ ਦਿੱਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ।
ਮੁਹਾਲੀ ਵਿੱਚ ਸੀਐਨਜੀ ਬੱਸਾਂ ਚਲਾਉਣ ਦੇ ਮਤੇ ਬਾਰੇ ਸਰਬਜੀਤ ਸਿੰਘ ਸਮਾਣਾ ਸਮੇਤ ਹੋਰ ਵਿਰੋਧੀ ਕੌਂਸਲਰਾਂ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਾਫ਼ੀ ਸਮਾਂ ਪਹਿਲਾਂ ਹੀ ਸਿਟੀ ਬੱਸ ਦਾ ਮਤਾ ਪਾਸ ਕਰਕੇ 6 ਕਰੋੜ ਰੁਪਏ ਪ੍ਰਵਾਨ ਕੀਤੇ ਗਏ। ਇਸ ਸਬੰਧੀ ਰੂਟ ਪਲਾਨ ਵੀ ਤਿਆਰ ਕਰ ਲਏ ਗਏ ਸੀ ਪ੍ਰੰਤੂ ਉਦੋਂ ਸਰਕਾਰ ਨੇ ਇਸ ਮਤੇ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਸਿਟੀ ਬੱਸ ਖ਼ੁਦ ਖ਼ਰੀਦ ਕੇ ਚਲਾਉਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰਾਈਵੇਟ ਕੰਪਨੀਆਂ ਦੀ ਮਨਮਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੇ ਜਵਾਬ ਵਿੱਚ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਗਰੀਬ ਲੋਕਾਂ ਦੀ ਸੇਵਾ ਲਈ ਇਹ ਟਰਾਂਸਪੋਰਟ ਸਿਸਟਮ ਦਾ ਮਤਾ ਲਿਆਂਦਾ ਗਿਆ ਹੈ, ਜਿਸਦਾ ਵਿਰੋਧ ਨਹੀਂ ਹੋਣਾ ਚਾਹੀਦਾ ਜਦੋਂਕਿ ਵਿਰੋਧ ਕਰਨ ਵਾਲੇ ਅਸਲ ਵਿੱਚ ਗਰੀਬਾਂ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਇੱਕ ਬੱਸ ਪੀਜੀਆਈ ਲਈ ਸਵੇਰੇ 7 ਵਜੇ ਚਲਿਆ ਕਰੇਗੀ ਤਾਂ ਜੋ ਮਰੀਜ਼ ਸਮੇਂ ਸਿਰ ਆਪਣੇ ਕਾਰਡ ਬਣਾ ਸਕਣ ਅਤੇ ਇਹ ਬੱਸ ਸੈਕਟਰ-43 ਅੱਡੇ ਤੋਂ ਹੁੰਦੀ ਹੋਈ ਵਾਪਸ ਆਵੇਗੀ। ਇਸੇ ਤਰ੍ਹਾਂ ਇੱਕ ਰੂਟ ਸ਼ਾਮ ਦਾ ਵੀ ਹੋਵੇਗਾ ਜੋ ਸਵਾਰੀਆਂ ਨੂੰ ਪੀਜੀਆਈ ਤੋਂ ਵਾਪਸ ਲੈ ਕੇ ਆਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਬੱਸਾਂ ਦਾ ਕਿਰਾਇਆ 10 ਰੁਪਏ ਤੋਂ ਵੱਧ ਨਹੀਂ ਹੋਵੇਗਾ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਮੁਹਾਲੀ ਵਿੱਚ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਦਾ ਮੁੱਦਾ ਚੁੱਕਦਿਆਂ ਦੋਸ਼ ਲਾਇਆ ਕਿ ਨਿਗਮ ਕਰਮਚਾਰੀ ਮਾਰਕੀਟਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਤੋਂ ਪੈਸੇ ਇਕੱਠੇ ਕਰ ਰਹੇ ਹਨ। ਦੀਵਾਲੀ ਦੇ ਮੱਦੇਨਜ਼ਰ ਦੁਕਾਨਾਂ ਅੱਗੇ ਟੈਂਟ ਲਗਾਉਣ ਵਾਲੇ ਲੋਕਾਂ ਤੋਂ ਸ਼ਰ੍ਹੇਆਮ ਰਿਸ਼ਵਤ ਦੇ ਰੂਪ ਵਿੱਚ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਾਊਸ ਵਿੱਚ ਕੁੱਝ ਕਰਮਚਾਰੀਆਂ ਦੇ ਨਾਮ ਤੱਕ ਵੀ ਲਏ। ਉਨ੍ਹਾਂ ਨੇ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਵਿੱਚ ਨਾਜਾਇਜ਼ ਉਸਾਰੀਆਂ ਦਾ ਮੁੱਦਾ ਚੁੱਕਦਿਆਂ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਬਾਇਲਾਜ ਦੀ ਉਲੰਘਣਾ ਕਰ ਕੇ ਕੀਤੀਆਂ ਉਸਾਰੀਆਂ ਦੇ ਨਕਸ਼ੇ ਕਿਸ ਆਧਾਰ ’ਤੇ ਪਾਸ ਕੀਤੇ ਗਏ। ਜ਼ਿੰਮੇਵਾਰ ਅਧਿਕਾਰੀਆਂ ਅਤੇ ਸਟਾਫ਼ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ। ਕਮਿਸ਼ਨਰ ਕਮਲ ਗਰਗ ਨੇ ਉਕਤ ਸਾਰੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਇਹ ਗੰਭੀਰ ਦੋਸ਼ ਹਨ। ਇਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਮੁਹਾਲੀ ਵਿੱਚ ਅੌਰਤਾਂ ਦੀ ਸੁਰੱਖਿਆ ਲਈ ਲਗਾਏ ਜਾਣ ਵਾਲੇ 100 ਸੀਸੀਟੀਵੀ ਕੈਮਰਿਆਂ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸ਼ਮਸ਼ਾਨਘਾਟ ਵਿੱਚ ਪਰਾਲੀ ਦੇ ਬ੍ਰਿਕਟਸ ਸਪਲਾਈ ਕਰਨ ਦਾ ਮਤਾ ਵੀ ਪਾਸ ਕੀਤਾ ਦਿੱਤਾ ਗਿਆ।

ਸਫ਼ਾਈ ਠੇਕੇ ਦੀ ਐਕਸਟੇਂਸ਼ਨ ਬਾਰੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਭਰਤੀ ਦੇ ਮਸਲੇ ਨੂੰ ਲੈ ਕੇ ਇਹ ਕੰਮ ਥੋੜ੍ਹਾ ਲਮਕਿਆ ਗਿਆ ਹੈ। ਜਿਸ ਕਾਰਨ ਪੁਰਾਣੇ ਠੇਕੇਦਾਰ ਨੂੰ ਤਿੰਨ ਮਹੀਨੇ ਹੋਰ ਕੰਮ ਕਰਨ ਦੀ ਮੋਹਲਤ ਦਿੱਤੀ ਹੈ। ਨਵੀਂ ਭਰਤੀ ਲਈ ਠੇਕੇਦਾਰ ਕੰਪਨੀ ਵੱਲੋਂ ਸਫ਼ਾਈ ਕਾਮਿਆਂ ਨੂੰ ਤਜਰਬਾ ਸਰਟੀਫਿਕੇਟ ਨਾ ਦੇਣ ਦੇ ਮਾਮਲੇ ’ਤੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਬੰਧਤ ਕਰਮਚਾਰੀਆਂ ਨੂੰ ਤਜਰਬਾ ਸਰਟੀਫਿਕੇਟ ਜਾਰੀ ਕੀਤੇ ਜਾਣ। ਇਕ ਹੋਰ ਮਤੇ ਰਾਹੀਂ ਕਮਿਸ਼ਨਰ ਕਮਲ ਗਰਗ ਨੂੰ ਰੇਹੜੀਆਂ-ਫੜ੍ਹੀਆਂ ਦੇ ਮਾਮਲੇ ਵਿੱਚ ਐਪੀਲੇਟ ਅਥਾਰਟੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ।