
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਮੀਂਹ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ
ਲੋਕਾਂ ਨੂੰ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ ਸਰਕਾਰ ਨਹੀਂ ਤਾਂ ਸੰਘਰਸ਼ ਵਿੱਢੇਗਾ ਅਕਾਲੀ ਦਲ: ਬੈਦਵਾਨ
ਬਰਸਾਤੀ ਪਾਣੀ ਕਾਰਨ ਹੋਏ ਨੁਕਸਾਨ ਲਈ ਸਰਕਾਰ ਅਤੇ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ
ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਸੋਹਾਣਾ ਨੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਫੇਜ਼-11 ਸਮੇਤ ਹੋਰਨਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਅਤੇ ਉਨ੍ਹਾਂ ਦੇ ਕੀਮਤੀ ਸਮਾਨ ਖਰਾਬ ਹੋਣ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਕਾਲੀ ਆਗੂ ਨੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਖਰਾਬ ਹੋ ਗਈਆਂ ਹਨ ਕਿਉਂਕਿ ਪਾਣੀ ਗੱਡੀਆਂ-ਕਾਰਾਂ ਦੇ ਬੋਨਟਾਂ ਤੋਂ ਉਪਰ ਤੱਕ ਪੁੱਜ ਗਿਆ ਹੈ। ਲੋਕਾਂ ਦੇ ਘਰਾਂ ਵਿੱਚ ਪਏ ਇਲੈਕਟ੍ਰਾਨਿਕਸ ਦੇ ਕੀਮਤੀ ਸਮਾਨ ਅਤੇ ਫਰਨੀਚਰ ਖਰਾਬ ਹੋ ਚੁੱਕੇ ਹਨ, ਘਰਾਂ ਦੇ ਬਾਹਰ ਲੱਗੀਆਂ ਮੋਟਰਾਂ ਖਰਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਲੋਕਾਂ ਨੂੰ ਨੁਕਸਾਨ ਨਾ ਉਠਾਉਣਾ ਪੈਂਦਾ। ਉਨ੍ਹਾਂ ਕਿਹਾ ਵੱਡੀ ਗੱਲ ਇਹ ਹੈ ਕਿ ਲਗਾਤਾਰ ਕਈ ਵਰ੍ਹਿਆਂ ਤੋਂ ਲੋਕ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਸਰਕਾਰ ਜਾਂ ਨਗਰ ਨਿਗਮ ਉਨ੍ਹਾਂ ਦੀ ਇੱਕ ਨਹੀਂ ਸੁਣਦੀ।
ਉਨ੍ਹਾਂ ਕਿਹਾ ਕਿ ਉਹ ਤਾਂ ਇੱਥੇ ਲੋਕਾਂ ਵਿਚ ਪਹੁੰਚ ਕੇ ਉਨ੍ਹਾਂ ਦਾ ਦੁੱਖ ਵੰਡਾ ਰਹੇ ਹਨ ਪਰ ਨਾ ਤਾਂ ਮੁਹਾਲੀ ਦੇ ਮੇਅਰ ਅਤੇ ਨਾ ਹੀ ਐਮਐਲਏ ਨੇ ਇੱਥੋਂ ਦਾ ਦੌਰਾ ਕੀਤਾ ਹੈ ਜਦੋਂ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਮੋਹਾਲੀ ਦੀ ਨਿਖੇਧੀ ਕਰਦਿਆਂ ਕਿਹਾ ਕੇ ਲੋਕਾਂ ਦੇ ਹੋ ਰਹੇ ਨੁਕਸਾਨ ਲਈ ਇਹ ਦੋਵੇਂ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇੱਥੋਂ ਦੇ ਹੋਏ ਲੋਕਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਨਾ ਦਿੱਤਾ ਤਾਂ ਉਹ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਸਰਕਾਰ ਦੇ ਖਿਲਾਫ ਖੜ੍ਹੇ ਹੋਣਗੇ ਅਤੇ ਇਸ ਸਬੰਧੀ ਡਟਵਾਂ ਸੰਘਰਸ਼ ਕੀਤਾ ਜਾਵੇਗਾ।