ਬਿਜਲੀ ਦੀਆਂ ਤਾਰਾਂ ਨਾ ਹਟਾਉਣ ਫਲਾਈਓਵਰ ਤੇ ਐਲੀਵੇਟਿਡ ਸੜਕ ਦੇ ਨਿਰਮਾਣ ਵਿੱਚ ਦਿੱਕਤਾਂ

ਪਾਵਰਕੌਮ ਦੇ ਐਕਸੀਅਨ ਨੇ ਪ੍ਰਾਜੈਕਟ ਡਾਇਰੈਕਟਰ ’ਤੇ ਲਾਇਆ ਝੂਠ ਬੋਲਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੀ ਜ਼ੋਰਦਾਰ ਮੰਗ ਤੋਂ ਬਾਅਦ ਤੋਂ ਭਾਵੇਂ ਮੁਹਾਲੀ ਤੋਂ ਖਾਨਪੁਰ ਟੀ ਪੁਆਇੰਟ ਤੱਕ ਫਲਾਈਓਵਰ ਅਤੇ ਐਲੀਵੇਟਿਡ ਹਾਈਵੇਅ ਦਾ ਨਿਰਮਾਣ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਹੈ, ਪ੍ਰੰਤੂ ਬਿਜਲੀ ਦੀਆਂ ਤਾਰਾਂ ਨਾ ਹਟਾਉਣ ਕਾਰਨ ਕੰਪਨੀ ਨੂੰ ਉਸਾਰੀ ਕਾਰਜਾਂ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਹਨ, ਪ੍ਰੰਤੂ ਇਸ ਸਭ ਦੇ ਬਾਵਜੂਦ ਬਲੌਂਗੀ ਨੇੜੇ ਫਲਾਈਓਵਰ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਸਮੇਂ ਫਲਾਈਓਵਰ ਦੀ ਚੌਥੀ ਪਰਤ ’ਤੇ ਉਸਾਰੀ ਕੰਮ ਜਾਰੀ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਸਰਕਾਰ ਦੇ ਪ੍ਰਾਜੈਕਟ ਡਾਇਰੈਕਟਰ ਕ੍ਰਿਸ਼ਨਨ ਸਚਦੇਵ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਨਾ ਹਟਾਉਣ ਕਾਰਨ ਫਲਾਈਓਵਰ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਨਾਜਾਇਜ਼ ਉਸਾਰੀਆਂ ਨਾ ਢਾਹੁਣ ਕਾਰਨ ਕਾਫੀ ਮੁਸ਼ਕਲਾਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਟਰੈਫ਼ਿਕ ਨਾ ਰੁਕਣ ਕਾਰਨ ਕੰਮ ਪਛੜ ਰਿਹਾ ਸੀ ਲੇਕਿਨ ਹੁਣ ਕਰਫਿਊ ਕਾਰਨ ਆਵਾਜਾਈ ਦੀ ਕੋਈ ਦਿੱਕਤ ਨਹੀਂ ਹੈ ਅਤੇ ਕੰਪਨੀ ਦੇ ਕਾਰੀਗਰ ਅਤੇ ਮਜ਼ਦੂਰ ਦਿਨ ਅਤੇ ਰਾਤ ਨੂੰ ਕੰਮ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਜੇਕਰ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ ਤਾਂ ਇਸ ਮਹੱਤਵਪੂਰਨ ਪ੍ਰਾਜੈਕਟ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।
ਉਧਰ, ਪਾਵਰਕੌਮ ਦੇ ਐਕਸੀਅਨ ਅਮਨਦੀਪ ਸਿੰਘ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਾਜੈਕਟ ਡਾਇਰੈਕਟਰ ਨਿਰ੍ਹਾ ਝੂਠ ਬੋਲ ਰਹੇ ਹਨ ਅਤੇ ਪਾਵਰਕੌਮ ਵੱਲੋਂ ਕੋਈ ਵੀ ਤਾਰ ਬਦਲਣ ਤੋਂ ਨਹੀਂ ਰਹਿੰਦੀ ਹੈ। ਜਦੋਂਕਿ ਸੱਚਾਈ ਤਾਂ ਇਹ ਹੈ ਕਿ ਨਿਰਮਾਣ ਕਾਰਜਾਂ ਦੌਰਾਨ ਉਸਾਰੀ ਕੰਪਨੀ ਦੇ ਨੁਮਾਇੰਦੇ ਖ਼ੁਦ ਹੀ ਤਾਰਾਂ ਬਦਲਦੇ ਹਨ, ਪਾਵਰਕੌਮ ਦੇ ਅਧਿਕਾਰੀ ਸਿਰਫ਼ ਸੁਪਰਵੀਜ਼ਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਕੰਮ ਲਈ ਜਦੋਂ ਵੀ ਨਿਰਮਾਣ ਕੰਪਨੀ ਵੱਲੋਂ ਬਿਜਲੀ ਕੱਟ ਲਗਾਉਣ ਦੀ ਇਜਾਜ਼ਤ ਮੰਗੀ ਜਾਂਦੀ ਹੈ ਤਾਂ ਸਬੰਧਤ ਲਾਈਨ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ਉਂਜ ਐਕਸੀਅਨ ਨੇ ਕਿਹਾ ਕਿ ਕੁਝ ਹਾਈ ਵੋਲਟੇਜ ਵਾਲੇ ਵੱਡੇ ਟਾਵਰਾਂ ਦੀ ਦਿੱਕਤ ਹੋ ਸਕਦੀ ਹੈ ਪ੍ਰੰਤੂ ਇਹ ਪਾਵਰਕੌਮ ਕੋਲ ਨਹੀਂ ਹੈ ਬਲਕਿ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…