
ਨਵਾਂ ਆਡੀਟੋਰੀਅਮ, ਸਿੰਥੈਟਿਕ ਟਰੈਕ ਬਣਾਉਣ, ਖੇਡ ਸਟੇਡੀਅਮ ਨਗਰ ਨਿਗਮ ਅਧੀਨ ਲੈਣ ਦੀ ਯੋਜਨਾ ਤਿਆਰ: ਮੇਅਰ
ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਕਰਨ, ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਸਿੰਜਾਈ ਲਈ ਵਰਤਣ ਦੀ ਯੋਜਨਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਨਵਾਂ ਆਡੀਟੋਰੀਅਮ ਬਣਾਉਣ, ਸੈਕਟਰ-78 ਦੇ ਖੇਡ ਸਟੇਡੀਅਮ ਵਿੱਚ ਸਿੰਥੈਟਿਕ ਟਰੈਕ ਸਮੇਤ ਪੀਸੀਏ ਸਟੇਡੀਅਮ ਨੂੰ ਛੱਡ ਕੇ ਸਾਰੇ ਸਟੇਡੀਅਮ ਆਪਣੇ ਅਧੀਨ ਲੈਣ ਲਈ ਕਾਰਜ ਯੋਜਨਾ ਉਲੀਕੀ ਗਈ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨਾਲ ਤਾਲਮੇਲ ਕਰ ਕੇ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀਆਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਖੰਭਿਆਂ ’ਤੇ ਲਮਕਦੇ ਤਾਰਾਂ ਦੇ ਗੁੱਛੇ ਜਿੱਥੇ ਸ਼ਹਿਰ ਨੂੰ ਬਦਸੂਰਤ ਬਣਾ ਰਹੇ ਹਨ, ਉੱਥੇ ਇਨ੍ਹਾਂ ਨਾਲ ਹਾਦਸੇ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਲੇਕਿਨ ਹੁਣ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਪ੍ਰਾਈਵੇਟ ਬਿਲਡਰਾਂ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਇਹ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਪਰ ਨਗਰ ਨਿਗਮ ਵੱਲੋਂ ਬਿਲਕੁਲ ਆਧੁਨਿਕ ਤਕਨੀਕ ਵਰਤ ਕੇ ਇਹ ਕਾਰਵਾਈ ਕੀਤੀ ਜਾਵੇਗੀ।
ਜੀਤੀ ਸਿੱਧੂ ਨੇ ਦੱਸਿਆ ਕਿ ਗਮਾਡਾ ਨਾਲ ਤਾਲਮੇਲ ਕਰਕੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟਰੀਟ ਹੋਇਆ ਪਾਣੀ ਸਿੰਜਾਈ ਲਈ ਵਰਤਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਗਮਾਡਾ ਵੱਲੋਂ ਚਲਾਇਆ ਜਾ ਰਿਹਾ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟ ਪਾਣੀ ਨੂੰ ਟਰੀਟ ਕਰਕੇ ਅੱਗੇ ਨਾਲੇ ਵਿੱਚ ਸੁੱਟਿਆਂ ਜਾਂਦਾ ਹੈ ਲੇਕਿਨ ਹੁਣ ਨਗਰ ਨਿਗਮ ਵੱਲੋਂ ਇਸ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਇਸ ਪਾਣੀ ਨੂੰ ਪਾਰਕਾਂ ਤੇ ਚੌਕਾਂ ਅਤੇ ਹੋਰ ਗਰੀਨ ਬੈਲਟਾਂ ਦੀ ਸਿੰਜਾਈ ਸਮੇਤ ਅਜਿਹੇ ਹੋਰ ਕੰਮਾਂ ਲਈ ਵਰਤਿਆ ਜਾ ਸਕੇ।
ਇਸੇ ਤਰ੍ਹਾਂ ਗਮਾਡਾ ਵੱਲੋਂ ਬਣਾਏ ਗਏ ਖੇਡ ਸਟੇਡੀਅਮ ਨਗਰ ਨਿਗਮ ਅਧੀਨ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਹਾਲੀ ਵਿੱਚ ਆਧੁਨਿਕ ਆਡੀਟੋਰੀਅਮ ਬਣਾਉਣ ਅਤੇ ਸੈਕਟਰ-78 ਦੇ ਖੇਡ ਸਟੇਡੀਅਮ ਵਿੱਚ ਅਥਲੈਟਿਕਸ ਲਈ ਸਿੰਥੈਟਿਕ ਟਰੈਕ ਲਗਾਉਣ ਦੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਸਿਰਫ਼ ਨਾ-ਮਾਤਰ ਫੀਸ ’ਤੇ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਸ਼ਹਿਰ ਦੇ ਲੋਕ ਇਨ੍ਹਾਂ ਖੇਡ ਸਟੇਡੀਅਮਾਂ ਦਾ ਵੱਧ ਤੋਂ ਵੱਧ ਲਾਭ ਹਾਸਲ ਕਰ ਸਕਣ।