ਉਸਾਰੀ ਕਿਰਤੀਆਂ ਨੇ ਕਿਰਤ ਕਮਿਸ਼ਨਰ ਦਾ ਦਫ਼ਤਰ ਘੇਰਿਆ, ਸੂਬਾ ਪੱਧਰੀ ਧਰਨਾ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਅੱਜ ਉਸਾਰੀ ਕਿਰਤੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੁਹਾਲੀ ਦੇ ਫੇਜ਼-10 ਸਥਿਤ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਦਾ ਘਿਰਾਓ ਕਰਕੇ ਸੂਬਾ ਪੱਧਰੀ ਧਰਨਾ ਦਿੱਤਾ ਅਤੇ ਹੁਕਮਰਾਨਾਂ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਰਾਜ ਸਿੰਘ ਮਲੋਟ, ਅਵਤਾਰ ਸਿੰਘ ਤਾਰੀ ਅਤੇ ਜੋਗਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਮਜ਼ਦੂਰ-ਪੱਖੀ ਕਿਰਤ ਕਾਨੂੰਨ ਖ਼ਤਮ ਕਰਕੇ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ-ਪੱਖੀ ਚਾਰ ਕਿਰਤ ਕੋਡ ਕਾਨੂੰਨ ਲਿਆਂਦੇ ਗਏ। ਜਿਨ੍ਹਾਂ ਨੂੰ ਕੇਂਦਰ ਸਰਕਾਰ ਅਪਰੈਲ ਮਹੀਨੇ ਤੋਂ ਦੇਸ਼ ਭਰ ਵਿੱਚ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਚਾਰ ਕਿਰਤ ਕੋਡਜ਼ ਦੇ ਲਾਗੂ ਹੋਣ ਨਾਲ ਬਿਲਡਿੰਗ ਐਂਡ ਅਦਰਜ਼ ਕੰਸਟਰੱਕਸ਼ਨ (ਬੀਓਸੀ) ਨਾਲ ਜੁੜੇ ਕਿਰਤੀਆਂ ਦੀਆਂ ਸਾਰੀਆਂ ਭਲਾਈ ਸਕੀਮਾਂ ਬੰਦ ਹੋ ਜਾਣਗੀਆਂ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਚਾਰ ਕਿਰਤ ਕੋਡਾਂ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਨਿਖੇਧੀ ਮਤਾ ਲਿਆ ਕੇ ਇਨ੍ਹਾਂ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਹ ਕਿਰਤ ਕੋਡ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਘਾਤਕ ਹਮਲਾ ਹਨ। ਉਨ੍ਹਾਂ ਨੇ ਕਿਰਤ ਵਿਭਾਗ ਅਤੇ ਬੀਓਸੀ ਵਿੱਚ ਲੋੜੀਂਦੇ ਮੁਲਾਜ਼ਮ ਭਰਤੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਕਿਰਤੀਆਂ ਦੇ ਬਹੁਤ ਸਾਰੇ ਮਾਮਲੇ ਪੈਂਡਿੰਗ ਪਏ ਹਨ। ਬੀਓਸੀ ਬੋਰਡ ਵਿੱਚ ਯੂਨੀਅਨ ਦੇ ਦੋ ਨੁਮਾਇੰਦੇ ਲੈਣ, ਕਿਰਤ ਵਿਭਾਗ ਵੱਲੋਂ ਆਨਲਾਈਨ ਦੇ ਨਾਲ ਆਫ਼ਲਾਈਨ ਕੰਮ ਵੀ ਸ਼ੁਰੂ ਕੀਤੇ ਜਾਣ, ਪੰਜਾਬ ਵਿੱਚ ਘੱਟੋ-ਘੱਟ ਉਜਰਤ ਲਾਗੂ ਕਰਕੇ ਮਹਿੰਗਾਈ ਅਨੁਸਾਰ ਵਾਧਾ ਕਰਨ, ਯੂਨੀਅਨ ਦੀ ਰਜਿਸਟਰੇਸ਼ਨ 30 ਦਿਨਾਂ ਦੇ ਅੰਦਰ ਯਕੀਨੀ ਬਣਾਉਣ, ਪ੍ਰਵਾਸੀ ਕਿਰਤੀਆਂ ਲਈ ਸ਼ੈਲਟਰ ਹੋਮ ਬਣਾਉਣ, ਉਸਾਰੀ ਕਿਰਤੀ ਦੀ ਮੌਤ ਦਾ ਮੁਆਵਜ਼ਾ 5 ਲੱਖ ਰੁਪਏ ਕਰਨ ਦੀ ਮੰਗ ਕੀਤੀ।
ਧਰਨੇ ਨੂੰ ਰਮੇਸ਼ ਨੂਰਪੁਰ ਬੇਦੀ, ਹਰਦੀਪ ਪਨੇਸਰ ਨਵਾਂਸ਼ਹਿਰ, ਜਗਸੀਰ ਮੁਕਤਸਰ, ਬਲਵਿੰਦਰ ਸਿੰਘ ਚਮਕੌਰ ਸਾਹਿਬ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਮਲਾਗਰ ਸਿੰਘ, ਅਵਤਾਰ ਸਿੰਘ ਫਾਜ਼ਿਲਕਾ, ਹਰਭਜਨ ਸਿੰਘ ਮਾਨਸਾ, ਹਰੀ ਸਿੰਘ ਲੁਧਿਆਣਾ, ਕੁਲਵੰਤ ਸਿੰਘ ਤਰਸੇਮ ਜੱਟਪੁਰ ਅਤੇ ਦਲੀਪ ਫਾਜ਼ਿਲਕਾ, ਕੁਲਵੰਤ ਸਿੰਘ ਮੋਗਾ, ਦਲਜੀਤ ਸਿੰਘ ਬਠਿੰਡਾ, ਦਵਿੰਦਰ ਕੁਮਾਰ ਜਲਾਲਾਬਾਦ, ਭਜਨ ਲਾਲ ਫਾਜ਼ਿਲਕਾ, ਸੁਖਦੇਵ ਸਿੰਘ ਗੁਰਦਾਸਪੁਰ, ਵਿਜੈ ਪਠਾਨਕੋਟ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਰਤ ਮੰਤਰੀ ਦੇ ਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਹੀ ਜਥੇਬੰਦੀ ਦੇ ਆਗੂਆਂ ਦੀ ਪ੍ਰਮੁੱਖ ਸਕੱਤਰ ਨਾਲ 18 ਮਾਰਚ ਨੂੰ ਮੀਟਿੰਗ ਤੈਅ ਕਰਵਾਈ ਗਈ। ਇਸ ਭਰੋਸੇ ਮਗਰੋਂ ਉਸਾਰੀ ਕਿਰਤੀਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Load More Related Articles

Check Also

Punjab To Launch ‘Sikhya Kranti’ to Mark Completion of ₹2,000-Cr Infrastructure Projects in 12K schools

Punjab To Launch ‘Sikhya Kranti’ to Mark Completion of ₹2,000-Cr Infrastructur…