ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਨੇ ਕੌਮੀ ਖਪਤਕਾਰ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਭਾਰਤ ਮਾਣਕ ਬਿਊਰੋ ਦੇ ਸਹਿਯੋਗ ਨਾਲ ਇੱਥੋਂ ਦੇ ਖਾਲਸਾ ਕਾਲਜ (ਅੰਮ੍ਰਿਤਸਰ) ਬਿਜ਼ਨਸ ਮੈਨੇਜਮੈਂਟ ਫੇਜ਼-3ਏ ਵਿਖੇ ਕੌਮੀ ਖਪਤਕਾਰ ਦਿਵਸ ਮਨਾਇਆ ਗਿਆ। ਮੇਅਰ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਸਾਇੰਸਦਾਨ ਡਾ. ਐਸਕੇ ਸਹਾਨਾ ਨੇ ਕੀਤੀ। ਇਸ ਮੌਕੇ ਗਮਾਡਾ ਦੇ ਚੀਫ਼ ਇੰਜੀਨੀਅਰ ਦਵਿੰਦਰ ਸਿੰਘ, ਸਥਾਈ ਲੋਕ ਅਦਾਲਤ ਦੇ ਸਾਬਕਾ ਮੈਂਬਰ ਐਚਐਸ ਵਾਲੀਆ, ਫੂਡ ਸੇਫ਼ਟੀ ਅਫ਼ਸਰ ਸ੍ਰੀਮਤੀ ਰਾਜਦੀਪ ਕੌਰ ਅਤੇ ਖਾਲਸਾ ਕਾਲਜ ਦੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਮਹਿਮਾਨਾਂ ਨੇ ਸਮਾਂ ਰੋਸ਼ਨ ਕਰਕੇ ਸਮਾਰੋਹ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਪੀਐਸ ਵਿਰਦੀ ਪ੍ਰਧਾਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਗਮਾਡਾ ਦੇ ਐਸਈ ਇੰਜ. ਅਨਿਲ ਕੁਮਾਰ, ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਭਜੋਤ ਕੌਰ ਬੈਂਸ, ਕੌਂਸਲਰ ਦਵਿੰਦਰ ਕੌਰ ਤੇ ਰੁਪਿੰਦਰ ਕੌਰ ਵਾਲੀਆ ਅਤੇ ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਇੰਜੀਨੀਅਰ ਪੀਐਸ ਵਿਰਦੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੌਮੀ ਖਪਤਕਾਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਨਿਗਮ ਨਾਲ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਮੁੱਖ ਇੰਜੀਨੀਅਰ ਦਵਿੰਦਰ ਸਿੰਘ ਨੇ ਮੁਹਾਲੀ ਵਿੱਚ ਪਾਣੀ ਦੀ ਕਿੱਲਤ ਬਾਰੇ ਬੋਲਦਿਆਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਲਈ ਜਲਦੀ ਹੀ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਨਹਿਰੀ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਲਗਪਗ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਵੇਂ ਸ਼ਹਿਰ ਦੀ ਆਬਾਦੀ 5 ਲੱਖ ਤੋਂ ਵੀ ਟੱਪ ਗਈ ਹੈ ਪ੍ਰੰਤੂ ਪ੍ਰਸ਼ਾਸਨ ਕੋਲ 12 ਲੱਖ ਆਬਾਦੀ ਲਈ ਪਾਣੀ ਉਪਲਬਧ ਹੈ।

ਭਾਰਤ ਮਾਣਕ ਬਿਊਰੋ ਦੇ ਸਾਇੰਸਦਾਨ ਸਚਿਨ ਦੇਵ ਮੀਨਾ ਅਤੇ ਰਾਹੁਲ ਰਾਜਪੂਤ ਨੇ ਉਤਪਾਦਾਂ ਦੀ ਗੁਣਵੱਤਾ ਅਤੇ ਪਰਮਾਣੂਕਰਨ, ਸੋਨੇ ਦੇ ਗਹਿਣਿਆਂ ਉੱਤੇ ਹਾਲ ਮਾਰਕ ਨਾਲ ਅੰਕਿਤ ਸ਼ੁੱਧਤਾ ਮਾਰਕ ਅਤੇ ਕੈਰਟ ਮਾਰਕ ਬਾਰੇ ਜਾਣਕਾਰੀ ਦਿੱਤੀ। ਫੂਡ ਸੇਫ਼ਟੀ ਅਫ਼ਸਰ ਸ੍ਰੀਮਤੀ ਰਾਜਦੀਪ ਕੌਰ ਨੇ ਖਾਣ-ਪੀਣ ਦੀਆਂ ਵਸਤੂਆਂ ਖ਼ਰੀਦਣ ਸਮੇਂ ਜ਼ਰੂਰੀ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ। ਐਚਐਸ ਵਾਲੀਆ ਨੇ ਖਪਤਕਾਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਮੁੱਖ ਮਹਿਮਾਨ ਅਤੇ ਹੋਰਨਾਂ ਸਾਰੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਫੈਡਰੇਸ਼ਨ ਦੇ ਪੈਟਰਨ ਲੈਫ਼ ਕਰਨਲ (ਸੇਵਾਮੁਕਤ) ਐਸਐਸ ਸੋਹੀ, ਜੇਐਸ ਅਰੋੜਾ, ਮਨਜੀਤ ਸਿੰਘ ਭੱਲਾ, ਜਨਰਲ ਸਕੱਤਰ ਅਸ਼ੋਕ ਪਵਾਰ, ਕੁਲਦੀਪ ਸਿੰਘ ਭਿੰਡਰ, ਪ੍ਰਦੀਪ ਕੁਮਾਰ ਨਵਾਬ, ਜੇਐਸ ਬਾਠ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਸੁਨੀਤਾ ਸ਼ਰਮਾ, ਅਸ਼ੋਕ ਸ਼ਰਮਾ, ਸੋਹਣ ਲਾਲ ਸ਼ਰਮਾ, ਰਛਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ, ਜੇਐਸ ਸੈਹਬੀ, ਜੇਐਸ ਬਬਰਾ, ਬੀਐਸ ਮੁਲਤਾਨੀ ਅਤੇ ਸ੍ਰੀਮਤੀ ਰੁਪਿੰਦਰ ਕੌਰ ਨਾਗਰਾ ਵੀ ਮੌਜੂਦ ਸਨ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…