ਅਣਅਧਿਕਾਰਤ ਪੀਜੀਜ਼ ਬਾਰੇ ਸ਼ਿਕਾਇਤ\ਜਾਣਕਾਰੀ ਦੇਣ ਲਈ ਸੰਪਰਕ ਨੰਬਰ ਜਾਰੀ
ਮੁਹਾਲੀ ਵਿੱਚ ਲਗਭਗ 1 ਹਜ਼ਾਰ ਪੇਇੰਗ ਗੈਸਟ ਪਰ ਗਮਾਡਾ ਕੋਲ ਸਿਰਫ਼ 40 ਪੀਜੀ ਹਨ ਰਜਿਸਟਰਡ
ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਪੀਜੀ ਰਜਿਸਟਰਡ ਕਰਵਾਉਣ ਲਈ ਅਰਜ਼ੀਆਂ ਦਾ ਢੇਰ ਲੱਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨਿਯਮਾਂ ਦੀ ਉਲੰਘਣਾ ਕਰਕੇ ਪੇਇੰਗ ਗੈਸਟ (ਪੀਜੀ) ਚਲਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮੁਹਾਲੀ ਪ੍ਰਸ਼ਾਸਨ ਨੇ ਸ਼ਿਕੰਜਾ ਕੱਸ ਦਿੱਤਾ ਹੈ। ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਪੀਜੀ ਚਲਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਉਨ੍ਹਾਂ ਮੁਹਾਲੀ ਨਗਰ ਨਿਗਮ, ਗਮਾਡਾ ਅਤੇ ਸਮੂਹ ਨਗਰ ਕੌਂਸਲਾਂ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਪੀਜੀਜ਼ ਦੀ ਅਚਨਚੇਤ ਚੈਕਿੰਗ ਕਰਨ ਅਤੇ ਰਜਿਸਟਰਡ ਪੀਜੀ ਬਾਰੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਲਬ ਕੀਤੀ ਹੈ।
ਡੀਸੀ ਨੇ ਕਿਹਾ ਕਿ ਸਾਰੇ ਪੇਇੰਗ ਗੈਸਟਾਂ ਵਿੱਚ ਅੱਗ ਬੁਝਾਊ ਉਪਕਰਨਾਂ ਦੀ ਉਪਲਬਧਤਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਾਰਜਸਾਧਕ ਅਫ਼ਸਰ ਇਹ ਲਾਜ਼ਮੀ ਤੌਰ ’ਤੇ ਯਕੀਨੀ ਬਣਾਉਣ ਕਿ ਰੈਂਟਲ ਹਾਊਂਸਿੰਗ ਅਕੋਮੋਡੇਸ਼ਨ ਪਾਲਿਸੀ ਦੇ ਅਨੁਸਾਰ ਮਾਲਕ ਮਕਾਨਾਂ ਵਿੱਚ ਰਹਿਣ। ਐਸਡੀਐਮਜ਼ ਦਿਹਾਤੀ ਖੇਤਰਾਂ ਵਿੱਚ ਪੀਜੀਜ਼ ਦੀ ਚੈਕਿੰਗ ਦੀ ਨਿਗਰਾਨੀ ਕਰਨ ਲਈ ਡੀਡੀਪੀਓਜ਼ ਅਤੇ ਬੀਡੀਪੀਓਜ਼ ਨੂੰ ਵੀ ਨਿਰਦੇਸ਼ ਦੇਣਗੇ। ਇਸ ਤੋਂ ਇਲਾਵਾ ਪੁਲੀਸ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਉਧਰ, ਗਮਾਡਾ ਦਫ਼ਤਰ ’ਚੋਂ ਇਕੱਤਰ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿੱਚ ਸ਼ਹਿਰ ਵਿੱਚ ਕਰੀਬ 1 ਹਜ਼ਾਰ ਪੀਜੀ ਚਲ ਰਹੇ ਹਨ। ਇਨ੍ਹਾਂ ’ਚੋਂ ਗਮਾਡਾ ਕੋਲ ਸਿਰਫ਼ 40 ਕੁ ਪੀਜੀ ਹੀ ਰਜਿਸਟਰਡ ਹਨ। ਉਂਜ ਹੁਣ ਚੰਡੀਗੜ੍ਹ ਵਿੱਚ ਵਾਪਰੀ ਘਟਨਾ ਅਤੇ ਮੁਹਾਲੀ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਆਪਣੇ ਪੀਜੀ ਰਜਿਸਟਰਡ ਲਈ ਅਰਜ਼ੀਆਂ ਦਾ ਢੇਰ ਲੱਗ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਸਾਰਾ ਕੁਝ ਜਾਣਦੇ ਹੋਏ ਵੀ ਅਧਿਕਾਰੀ ਆਪਣੀਆਂ ਅੱਖਾਂ ਮੀਚ ਕੇ ਬੈਠੇ ਹਨ। ਪੁਲੀਸ ਕੋਲ ਵੀ ਕਿਰਾਏਦਾਰ ਵਿਅਕਤੀਆਂ ਦਾ ਡਾਟਾ ਉਪਲਬਧ ਨਹੀਂ ਹੈ।
ਮੁਹਾਲੀ ਦੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਣਅਧਿਕਾਰਤ ਪੀਜੀ ਬਾਰੇ ਸ਼ਿਕਾਇਤ\ਜਾਣਕਾਰੀ ਦੇਣ ਲਈ ਅਧਿਕਾਰੀਆਂ ਦੇ ਨਾਮ ਅਤੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਵਿੱਚ ਨੋਡਲ ਅਫਸਰ ਅਸੀਸ਼ ਕੁਮਾਰ ਨੂੰ 7888696869 ’ਤੇ ਸੰਪਰਕ ਕਰਕੇ ਅਣਅਧਿਕਾਰਤ ਪੀਜੀਜ਼ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇੰਝ ਹੀ ਮੁਹਾਲੀ ਨਿਗਮ ਦਫ਼ਤਰ ਵਿੱਚ ਟੋਲ ਫਰੀ ਨੰਬਰ 18001370007, ਨਗਰ ਕੌਂਸਲ ਖਰੜ ਵਿੱਚ ਗੁਰਮੀਤ ਸਿੰਘ ਨਾਲ ਫੋਨ ਨੰਬਰ 9501159954, ਨਗਰ ਕੌਂਸਲ ਕੁਰਾਲੀ ਵਿੱਚ ਗਗਨ ਆਰੀਅਨ ਨਾਲ 9888906466, ਨਗਰ ਕੌਂਸਲ ਨਵਾਂ ਗਰਾਓਂ ਵਿੱਚ ਹਰਦੀਪ ਕੁਮਾਰ ਨਾਲ 9815671997, ਨਗਰ ਕੌਂਸਲ ਲਾਲੜੂ ਵਿੱਚ ਸੁਲੀਲ ਕੁਮਾਰ ਨਾਲ 9877605412, ਨਗਰ ਕੌਂਸਲ ਜ਼ੀਰਕਪੁਰ ਵਿੱਚ ਇੰਦਰਮੋਹਨ ਸਿੰਘ, ਈਐਮਈ ਨਾਲ 9876274874, ਨਗਰ ਕੌਂਸਲ ਬਨੂੜ ਵਿੱਚ ਅਸ਼ੋਕ ਕੁਮਾਰ ਨਾਲ 9628800004 ਅਤੇ ਨਗਰ ਕੌਂਸਲ ਡੇਰਾਬੱਸੀ ਵਿੱਚ ਦਫ਼ਤਰੀ ਨੰਬਰ 0172280028 ’ਤੇ ਸੰਪਰਕ ਕੀਤਾ ਜਾ ਸਕਦਾ ਹੈ।