nabaz-e-punjab.com

ਬੇਅਦਬੀ ਮਾਮਲਾ: ਕਰੋਨ ਮਹਾਮਾਰੀ ਕਾਰਨ ਸੀਬੀਆਈ ਅਦਾਲਤ ਵਿੱਚ ਸੁਣਵਾਈ ਟਲੀ

ਸ਼ਿਕਾਇਤ ਕਰਤਾਵਾਂ ਰਣਜੀਤ ਸਿੰਘ ਬੁਰਜਸਿੰਘ ਵਾਲਾ ਤੇ ਗਰੰਥੀ ਗੋਰਾ ਸਿੰਘ ਤੋਂ ਸੁਰੱਖਿਆ ਵਾਪਸ ਲਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ (ਕਲੋਜਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਸੁਣਵਾਈ ਦਸ ਜੁਲਾਈ ਲਈ ਅੱਗੇ ਟਲ ਗਈ ਹੈ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਚੱਲ ਰਹੀ ਹੈ ਲੇਕਿਨ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਉਕਤ ਅਦਾਲਤ ਵਿੱਚ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਉਧਰ, ਸੰਪਰਕ ਕਰਨ ’ਤੇ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਇਸ ਦੀ ਸੁਣਵਾਈ ਹੁਣ 10 ਜੁਲਾਈ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁਹਾਲੀ ਦੀਆਂ ਸਾਰੀਆਂ ਅਦਾਲਤਾਂ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਅਤੇ ਜੱਜ ਸਾਹਿਬਾਨ ਘਰੋਂ ਹੀ ਅਦਾਲਤਾਂ ਦਾ ਕੰਮ ਚਲਾ ਰਹੇ ਹਨ। ਉਂਜ ਇਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਜੁਡੀਸ਼ਲ ਮੈਜਿਸਟਰੇਟ ਨੂੰ ਅਦਾਲਤੀ ਕੰਮ ਲਈ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ। ਜਦੋਂਕਿ ਨਾਇਬ ਕੋਰਟ ਮੁਲਾਜ਼ਮਾਂ ਸਮੇਤ ਹੋਰ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਲੋੜ ਅਨੁਸਾਰ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਉਧਰ, ਪੰਜਾਬ ਸਰਕਾਰ ਨੇ ਸ਼ਿਕਾਇਤ ਕਰਤਾਵਾਂ ਰਣਜੀਤ ਸਿੰਘ ਵਾਸੀ ਪਿੰਡ ਬੁਰਜ ਸਿੰਘ ਵਾਲਾ ਅਤੇ ਗੁਰਦੁਆਰਾ ਸਾਹਿਬ ਦੇ ਗਰੰਥੀ ਗੋਰਾ ਸਿੰਘ ਨੂੰ ਦਿੱਤੀ ਪੁਲੀਸ ਸੁਰੱਖਿਆ ਵੀ ਵਾਪਸ ਲੈ ਗਈ ਹੈ। ਇਸ ਬਾਰੇ ਸ਼ਿਕਾਇਤ ਕਰਤਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਨ੍ਹਾਂ ਨੇ ਪੁਲੀਸ ਜਾਂ ਸਰਕਾਰ ਤੋਂ ਕੋਈ ਸੁਰੱਖਿਆ ਨਹੀਂ ਮੰਗੀ ਸੀ। ਹੁਣ ਵੀ ਉਨ੍ਹਾਂ ਨੂੰ ਸੁਰੱਖਿਆ ਵਾਪਸ ਲੈਣ ਦਾ ਕੋਈ ਗਿਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਥਿਆਰਬੰਦ ਪੁਲੀਸ ਕਰਮਚਾਰੀ ਖ਼ੁਦ ਹੀ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਹੋ ਗਏ ਸੀ ਅਤੇ ਹੁਣ ਖ਼ੁਦ ਹੀ ਵਾਪਸ ਚਲੇ ਗਏ ਹਨ। ਇਸੇ ਦੌਰਾਨ ਬਰਗਾੜੀ ਪੁਲੀਸ ਦੇ ਨਵੇਂ ਇੰਚਾਰਜ ਅਤੇ ਬਾਜਾਖਾਨਾ ਥਾਣਾ ਦੇ ਨਵੇਂ ਥਾਣਾ ਮੁਖੀ ਨੇ ਸ਼ਿਕਾਇਤ ਕਰਤਾਵਾਂ ਨਾਲ ਤਾਲਮੇਲ ਕਰਕੇ ਸਮੁੱਚੇ ਘਟਨਾਕ੍ਰਮ ਬਾਰੇ ਮੁੱਢਲੀ ਜਾਂਚ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸੁਪਰੀਮ ਕੋਰਟ ਵੱਲੋਂ ਸੀਬੀਆਈ ਦੀ ਸਪੈਸ਼ਲ ਲੀਵ ਪਟੀਸ਼ਨ (ਐਸਐਲਪੀ) ਨੂੰ ਰੱਦ ਕੀਤੇ ਜਾਣ ਤੋਂ ਬਾਅਦ ਕੌਮੀ ਜਾਂਚ ਏਜੰਸੀ ਨੇ ਇਹ ਮਾਮਲਾ ਪੰਜਾਬ ਪੁਲੀਸ ਦੇ ਸਪੁਰਦ ਕਰਨ ਦੀ ਬਜਾਏ ਫਿਰ ਤੋਂ ਸੁਪਰੀਮ ਕੋਰਟ ਪਹੁੰਚ ਗਈ ਹੈ। ਸੀਬੀਆਈ ਨੇ ਸੁਪਰੀਮ ਕੋਰਟ ਦੇ ਪਹਿਲੇ ਹੁਕਮਾਂ (ਐਸਐਲਪੀ ਰੱਦ ਕਰਨ) ਦੇ ਖ਼ਿਲਾਫ਼ ਰੀਵੀਊ ਪਟੀਸ਼ਨ ਦਾਇਰ ਕੀਤੀ ਗਈ ਹੈ। ਸੀਬੀਆਈ ਨੇ ਉੱਚ ਅਦਾਲਤ ਨੂੰ ਇਸ ਸਮੁੱਚੇ ਮਾਮਲੇ ’ਤੇ ਮੁੜ ਗੌਰ ਕਰਨ ਦੀ ਗੁਹਾਰ ਲਗਾਈ ਹੈ। ਲੇਕਿਨ ਕਰੋਨਾ ਦੇ ਪ੍ਰਕੋਪ ਕਾਰਨ ਅਦਾਲਤਾਂ ਵਿੱਚ ਰੈਗੂਲਰ ਸੁਣਵਾਈ ਨਾ ਹੋਣ ਕਾਰਨ ਇਹ ਪੰਥਕ ਮਸਲਾ ਤਰੀਕਾਂ ਵਿੱਚ ਉਲਝ ਕੇ ਰਹਿ ਗਿਆ ਹੈ।
(ਬਾਕਸ ਆਈਟਮ)
ਸ਼ਿਕਾਇਤਕਰਤਾਵਾਂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗੁਰਦੁਆਰਾ ਸਾਹਿਬ ਦੇ ਗਰੰਥੀ ਗੋਰਾ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਲਦੀ ਇਨਸਾਫ਼ ਚਾਹੁੰਦੇ ਹਨ। ਉਨ੍ਹਾਂ ਨੂੰ ਇਸ ਗੱਲ ਤੋਂ ਕੁਝ ਨਹੀਂ ਲੈਣਾ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਪੰਜਾਬ ਪੁਲੀਸ ਕਰੇ। ਉਨ੍ਹਾਂ ਕਿਹਾ ਕਿ ਜਿਹੜੀ ਵੀ ਏਜੰਸੀ ਮਾਮਲੇ ਦੀ ਜਾਂਚ ਕਰੇ ਉਹ ਪੂਰੀ ਇਮਾਨਦਾਰੀ ਨਾਲ ਇਸ ਕੇਸ ਨੂੰ ਛੇਤੀ ਕਿਸੇ ਕੰਢੇ ਲਾਵੇ, ਕਿਉਂਕਿ ਵਿਸ਼ਵ ਭਰ ਦੇ ਸਿੱਖ ਬੜੀ ਬੇਸਬਰੀ ਨਾਲ ਫੈਸਲੇ ਦੀ ਉਡੀਕ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…