
ਪਾਵਰਕੌਮ ਮੈਨੇਜਮੈਂਟ ਤੇ ਠੇਕਾ ਮੁਲਾਜ਼ਮਾਂ ਦੀ ਸੁਲ੍ਹਾ ਸਫ਼ਾਈ ਮੀਟਿੰਗ ਬੇਸਿੱਟਾ ਰਹੀ
ਵਧੀਕ ਕਿਰਤ ਕਮਿਸ਼ਨਰ ਨੇ ਪਾਵਰਕੌਮ ਅਧਿਕਾਰੀਆਂ ਨਾਲ ਕਰਵਾਈ ਸੀ ਠੇਕਾ ਮੁਲਾਜ਼ਮਾਂ ਦੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪਾਵਰਕੌਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਮੰਗਾਂ ਸਬੰਧੀ ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ ਵੱਲੋਂ ਲਗਾਤਾਰ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਪਰ ਪਾਵਰਕੌਮ ਅਧਿਕਾਰੀ ਮੰਗਾਂ ਦਾ ਸਥਾਈ ਹੱਲ ਕਰਨ ਤੋਂ ਭੱਜ ਰਹੇ ਹਨ। ਅੱਜ ਵੀ ਕਿਰਤ ਕਮਿਸ਼ਨ ਦੇ ਯਤਨਾਂ ਸਦਕਾ ਮੈਨੇਜਮੈਂਟ ਨਾਲ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਮੀਟਿੰਗ ਬੇਸਿੱਟਾ ਰਹੀ। ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਪਰਮਿੰਦਰ ਸਿੰਘ, ਸਕੱਤਰ ਰਾਜਿੰਦਰ ਸੇਖੋਂ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ 2016 ਤੋਂ ਲੈ ਕਿ ਕਿਰਤ ਕਮਿਸ਼ਨਰ ਦੇ ਦਫ਼ਤਰ ਵਿੱਚ ਲਗਾਤਾਰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਕ ਸਕਿੱਲਡ ਰੇਟ 10128 ਮਿਲਣਾ ਚਾਹੀਦਾ ਹੈ ਪ੍ਰੰਤੂ ਪਾਵਰਕੌਮ ਐਕਟ ਮੁਤਾਬਕ ਠੇਕਾ ਕਾਮਿਆਂ ਨੂੰ ਪੁਰੀ ਤਨਖ਼ਾਹ ਨਹੀਂ ਦੇ ਰਿਹਾ ਹੈ ਸਗੋਂ ਜਿਹੜਾ ਕੋਈ ਠੇਕਾ ਮੁਲਾਜ਼ਮ ਤਨਖ਼ਾਹ ਪ੍ਰਤੀ ਮੰਗ ਕਰਦਾ ਹੈ। ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਹੈ।
ਆਗੂਆਂ ਨੇ ਦੱਸਿਆ ਕਿ ਅੱਜ ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ, ਪਾਵਰਕੌਮ ਮੈਨੇਜਮੈਂਟ ਦੇ ਸੀਨੀਅਰ ਸਹਾਇਕ ਮੈਨੇਜਰ ਹਰਪ੍ਰੀਤ ਸਿੰਘ, ਸਹਾਇਕ ਮੈਨੇਜਰ ਮਿਸ ਬਬੀਤਾ, ਸਹਾਇਕ ਮੈਨੇਜਰ ਸਿਵੀ ਸ਼ਰਮਾ, ਸੀਨੀਅਰ ਕਾਰਜਕਾਰੀ ਇੰਜੀਨੀਅਰ ਰੂਪਨਗਰ, ਨਿਗਰਾਨ ਇੰਜੀਨੀਅਰ ਸਿਟੀ ਮੋਰਿੰਡਾ, ਅਕਾਊਂਟੈਂਟ ਖਰੜ ਨੂੰ ਮੀਟਿੰਗ ਲਈ ਸੱਦਿਆ ਗਿਆ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ’ਤੇ ਬੀਤੀ 22 ਅਗਸਤ ਨੂੰ ਹੋਏ ਸਮਝੌਤੇ ਲਾਗੂ ਕਰਨ ਅਤੇ ਡਿਊਟੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ 30 ਸਤੰਬਰ ਨੂੰ ਕੀਤੀਆਂ ਛਾਂਟੀਆਂ ਰੱਦ ਕਰਨ, ਘੱਟੋ ਘੱਟ ਉਜ਼ਰਤਾਂ ਲਾਗੂ ਕਰਨ, ਹਾਈ ਸਕਿੱਲਡ ਰੇਟ ਲਾਗੂ ਕਰਨ, ਪਿਛਲਾ ਸਾਰਾ ਬਕਾਇਆ ਦੇਣਾ, ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਹੋਏ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਆਦਿ ਜਾਇਜ਼ ਮੰਗਾਂ ’ਤੇ ਚਰਚਾ ਕੀਤੀ ਗਈ ਪ੍ਰੰਤੂ ਪਾਵਰਕੌਮ ਮੈਨੇਜਮੈਂਟ ਤੇ ਕਿਰਤ ਵਿਭਾਗ ਵੱਲੋਂ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਕਿਰਤ ਵਿਭਾਗ ਵੱਲੋਂ ਵੀ ਕਿਰਤ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀ ਨੀਤੀ ਤਹਿਤ ਸੀ ਐੱਚ ਬੀ ਠੇਕਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਉਹ 18 ਸਤੰਬਰ ਨੂੰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸਾਂਝੇ ਸੰਘਰਸ਼ ਵਿੱਚ ਪਟਿਆਲਾ ਮੁੱਖ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਰੋਸ ਮੁਜ਼ਾਹਰਾ ਕਰਨਗੇ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ 23 ਸਤੰਬਰ ਨੂੰ ਪਰਿਵਾਰਾਂ ਸਮੇਤ ਪਟਿਆਲਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ 10 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਬਠਿੰਡਾ ਦੀ ਮਹਾਂ ਰੈਲੀ ਵਿੱਚ ਪਰਿਵਾਰਾਂ ਸ਼ਮੂਲੀਅਤ ਕੀਤੀ ਜਾਵੇਗੀ।