ਬੱਸ ਕਿਊ ਸ਼ੈਲਟਰਾਂ ਦਾ ਨਵਾਂ ਠੇਕਾ ਦੇਣ ਨਾਲ ਮੁਹਾਲੀ ਨਗਰ ਨਿਗਮ ਨੂੰ ਹੋਵੇਗੀ 1 ਕਰੋੜ ਦੀ ਆਮਦਨ

ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਦੀ ਵਰਚੂਅਲ ਮੀਟਿੰਗ ਵਿੱਚ ਅਹਿਮ ਮਤੇ ਪਾਸ

ਮੁਹਾਲੀ ਦੀ ਹੱਦ ਵਧਾਉਣ ਸਬੰਧੀ ਇਤਰਾਜ਼ਾਂ ਦੇ ਨਿਪਟਾਰੇ ਦੇ ਸਾਰੇ ਅਧਿਕਾਰ ਕਮਿਸ਼ਨਰ ਗਰਗ ਨੂੰ ਦਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਮੁਹਾਲੀ ਨਗਰ ਨਿਗਮ ਦੀ ਵਰਚੂਅਲ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਹੋਏ। ਮੁਹਾਲੀ ਵਿੱਚ 33 ਬੱਸ ਕਿਊ ਸ਼ੈਲਟਰਾਂ ਦਾ ਨਵੇਂ ਸਿਰਿਓਂ ਠੇਕਾ ਦੇਣ ਲਈ ਟੈਂਡਰ ਜਾਰੀ ਕਰਨ ਮਤਾ ਪਾਸ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਇਸ ਨਾਲ ਨਗਰ ਨਿਗਮ ਨੂੰ 1 ਕਰੋੜ ਵਾਧੂ ਆਮਦਨ ਹੋਵੇਗੀ।
ਜਾਣਕਾਰੀ ਅਨੁਸਾਰ ਪਿਛਲੀ ਕੰਪਨੀ ਨੂੰ 25 ਮਾਰਚ ਤੱਕ ਇਸ਼ਤਿਹਾਰਬਾਜ਼ੀ ਕਰਨ ਦੇ ਅਧਿਕਾਰ ਇਸ ਸ਼ਰਤ ’ਤੇ ਦਿੱਤੇ ਗਏ ਸਨ, ਕਿ ਠੇਕੇਦਾਰ ਵੱਲੋਂ ਸਬੰਧਤ ਬੱਸ ਕਿਊ ਸ਼ੈਲਟਰਾਂ ਨੂੰ ਆਪਣੇ ਖਰਚੇ ’ਤੇ ਬਣਾਉਣ ਅਤੇ ਦੇਖਭਾਲ ਕੀਤੀ ਜਾਵੇਗੀ ਅਤੇ ਨਗਰ ਨਿਗਮ ਨੂੰ ਪ੍ਰਤੀ ਮਹੀਨਾ 2516 ਰੁਪਏ ਪ੍ਰਤੀ ਬੱਸ ਕਿਊ ਸ਼ੈਲਟਰ ਬਤੌਰ ਲਾਇਸੈਂਸ ਫੀਸ ਅਦਾ ਕੀਤੀ ਜਾਵੇਗੀ। ਮੌਜੂਦਾ ਠੇਕੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਬੱਸ ਕਿਊ ਸ਼ੈਲਟਰਾਂ ਦੀ ਦੇਖਭਾਲ ਦਾ ਕੰਮ ਅਤੇ ਇਸ਼ਤਿਹਾਰਬਾਜ਼ੀ ਦੇ ਅਧਿਕਾਰ ਨਵੇਂ ਸਿਰੇ ਤੋਂ ਦਿੱਤੇ ਜਾਣਗੇ।
ਨਗਰ ਨਿਗਮ ਵਿੱਚ ਭਰਤੀ ਕੀਤੇ ਕਰੀਬ 700 ਸਫ਼ਾਈ ਸੇਵਕਾਂ ਨੂੰ ਮੈਨੂਅਲ ਸਫ਼ਾਈ ਦੇ ਕੰਮ ਉੱਤੇ ਲਗਾਉਣ ਅਤੇ ਠੇਕੇਦਾਰ ਕੰਪਨੀ ਦਾ ਮੈਨੂਅਲ ਸਵੀਪਿੰਗ ਦਾ ਠੇਕਾ ਰੱਦ ਕਰਨ ਲਈ ਤਜਵੀਜ਼ ਪੇਸ਼ ਕੀਤੀ ਗਈ। ਇਸ ਵੇਲੇ ਸਫ਼ਾਈ ਦਾ ਠੇਕਾ ਪ੍ਰਾਈਵੇਟ ਕੰਪਨੀ ਕੋਲ 2015 ਤੋਂ ਚੱਲ ਰਿਹਾ ਹੈ। ਹਾਊਸ ਨੇ ਬੀਤੀ 7 ਨਵੰਬਰ ਨੂੰ ਮਤੇ ਰਾਹੀਂ ਇਹ ਠੇਕਾ 14 ਫਰਵਰੀ ਤੱਕ ਦਾ ਵਾਧਾ ਇਸ ਸ਼ਰਤ ’ਤੇ ਕੀਤਾ ਗਿਆ ਸੀ ਕਿ ਜੇਕਰ ਸਫ਼ਾਈ ਸੇਵਕਾਂ ਦੀ ਭਰਤੀ ਦੀ ਪ੍ਰਕਿਰਿਆ 3 ਮਹੀਨੇ ਤੋਂ ਪਹਿਲਾਂ ਕਰ ਲਈ ਜਾਂਦੀ ਹੈ ਅਤੇ ਮਕੈਨੀਕਲ ਸਵੀਪਿੰਗ ਬਾਰੇ ਟੈਂਡਰ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਮੌਜੂਦਾ ਕੰਪਨੀ ਦਾ ਕੰਟਰੈਕਟ ਖ਼ਤਮ ਕਰ ਦਿੱਤਾ ਜਾਵੇਗਾ। ਹੁਣ ਜਦੋਂ ਸਫ਼ਾਈ ਕਰਮਚਾਰੀਆਂ ਦੀ ਭਰਤੀ ਕਰ ਲਈ ਗਈ ਹੈ ਤਾਂ ਮੈਨੂਅਲ ਸਵੀਪਿੰਗ ਦਾ ਠੇਕਾ ਖ਼ਤਮ ਕਰਨ ਦਾ ਮਤਾ ਪਾਸ ਕੀਤਾ ਗਿਆ। ਮਸ਼ੀਨੀ ਸਫ਼ਾਈ ਦੇ ਠੇਕੇ ਦਾ ਸਮਾਂ ਪੂਰਾ ਹੋਣ ’ਤੇ ਉਕਤ ਕੰਪਨੀ ਦਾ ਮਸ਼ੀਨੀ ਸਫ਼ਾਈ ਦਾ ਠੇਕਾ ਵੀ ਰੱਦ ਕਰ ਦਿੱਤਾ ਜਾਵੇਗਾ।
ਮੇਅਰ ਜੀਤੀ ਸਿੱਧੂ ਨੇ ਸ਼ਹਿਰ ਵਿੱਚ ਮੈਨੂਅਲ ਸਫ਼ਾਈ ਦੇ ਕੰਮ ਵਿੱਚ ਲੋੜ ਅਨੁਸਾਰ ਹਾਲੇ ਵੀ 40 ਕਰਮਚਾਰੀ ਘਟਦੇ ਹਨ, ਇਸ ਲਈ ਹਾਲ ਦੀ ਘੜੀ ਸਫ਼ਾਈ ਸੇਵਕਾਂ ਦੀ ਗਿਣਤੀ ਘੱਟ ਹੋਣ ਕਾਰਨ ਪਬਲਿਕ ਪਖਾਨਿਆਂ ਉੱਤੇ ਸਫ਼ਾਈ ਸੇਵਕਾਂ ਨੂੰ ਨਾ ਲਗਾ ਕੇ ਸਿਰਫ਼ ਮੈਨੂਅਲ ਸਫ਼ਾਈ ਹੀ ਕਰਵਾਈ ਜਾਵੇਗੀ ਅਤੇ ਪਖਾਨਿਆਂ ਦੀ ਸਫ਼ਾਈ ਦਾ ਕੰਮ ਉਦੋਂ ਤੱਕ ਠੇਕੇਦਾਰਾਂ ਰਾਹੀਂ ਕਰਵਾਇਆ ਜਾਵੇਗਾ ਜਦੋਂ ਤੱਕ ਹੋਰ ਸਫ਼ਾਈ ਕਰਮਚਾਰੀਆਂ ਦੀ ਭਰਤੀ ਨਹੀਂ ਹੋ ਜਾਂਦੀ। ਇਕ ਹੋਰ ਅਹਿਮ ਮਤੇ ਰਾਹੀਂ ਨਗਰ ਨਿਗਮ ਦੀ ਹੱਦ ਵਧਾਉਣ ਸਬੰਧੀ ਮੰਗੇ ਗਏ ਇਤਰਾਜ਼ਾਂ ਦੇ ਨਿਪਟਾਰੇ ਦੇ ਸਾਰੇ ਅਧਿਕਾਰ ਕਮਿਸ਼ਨਰ ਕਮਲ ਗਰਗ ਨੂੰ ਦਿੱਤੇ ਗਏ ਹਨ। ਇਨ੍ਹਾਂ ਇਤਰਾਜ਼ਾਂ ਦਾ ਨਿਪਟਾਰਾ ਕਰਕੇ ਕਮਿਸ਼ਨਰ ਆਪਣੀ ਰਿਪੋਰਟ ਸਰਕਾਰ ਨੂੰ ਭੇਜਣਗੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …