nabaz-e-punjab.com

ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਠੇਕੇਦਾਰ ਗ੍ਰਿਫ਼ਤਾਰ

ਐਸਡੀਐਮ ਦਮਨਦੀਪ ਕੌਰ ਨੂੰ ਸੌਂਪੀ ਮਾਮਲੇ ਦੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 14 ਜਨਵਰੀ:
ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਸਿਟੀ ਸੈਕਟਰ-118 ਵਿੱਚ ਸੋਮਵਾਰ ਸ਼ਾਮ ਨੂੰ ਉਸਾਰੀ ਅਧੀਨ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗਣ ਦੇ ਮਾਮਲੇ ਵਿੱਚ ਪੁਲੀਸ ਨੇ ਠੇਕੇਦਾਰ ਜਸਵੀਰ ਸਿੰਘ ਦੇ ਖ਼ਿਲਾਫ਼ ਬੀਐਨਐਸ ਐਕਟ ਦੀ ਧਾਰਾ 105 ਦੇ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬਣ ਕਾਰਨ ਇੱਕ ਵਿਅਕਤੀ ਜਸਵਿੰਦਰ ਸਿੰਘ (41) ਵਾਸੀ ਪਿੰਡ ਚੂਹੜਮਾਜਰਾ ਦੀ ਮੌਤ ਹੋ ਗਈ ਸੀ। ਕਾਬਿਲੇਗੌਰ ਹੈ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਕਈ ਇਮਾਰਤਾਂ ਡਿੱਗ ਚੁੱਕੀਆਂ ਹਨ। ਕੁੱਝ ਦਿਨ ਪਹਿਲਾਂ ਹੀ ਸੋਹਾਣਾ ਵਿੱਚ ਬਹੁਮੰਜ਼ਲਾ ਰੌਇਲ ਜਿਮ ਦੀ ਇਮਾਰਤ ਢਹਿ ਗਈ ਸੀ ਅਤੇ ਇੱਕ ਲੜਕੀ ਅਤੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਖਰੜ-ਲਾਂਡਰਾਂ ਸੜਕ ’ਤੇ ਇੱਕ ਬਹੁਮੰਜ਼ਲਾ ਇਮਾਰਤ ਢਹਿ ਢੇਰੀ ਹੋ ਗਈ ਸੀ।
ਉਧਰ, ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਐਸਡੀਐਮ ਦਮਨਦੀਪ ਕੌਰ ਜਾਂਚ ਸੌਂਪੀ ਗਈ ਹੈ। ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਹੀ ਉਨ੍ਹਾਂ ਨੂੰ ਜਾਂਚ ਕਰਨ ਲਈ ਸਰਕਾਰੀ ਪੱਤਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਲਕੇ ਬੁੱਧਵਾਰ ਤੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਅਰੰਭੀ ਜਾਵੇਗੀ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਾਣਕਾਰੀ ਅਨੁਸਾਰ ਟੀਡੀਆਈ ਸੈਕਟਰ-118 ਵਿੱਚ ਸੋਮਵਾਰ ਨੂੰ ਠੇਕੇਦਾਰ ਜਸਵੀਰ ਸਿੰਘ ਵੱਲੋਂ ਬਹਬੁਮੰਜ਼ਲਾ ਸ਼ੋਅਰੂਮ ਦੀ ਉਸਾਰੀ ਕੀਤੀ ਜਾ ਰਹੀ ਸੀ। ਉਸਾਰੀ ਕਾਰਜਾਂ ਵਿੱਚ ਕਰੀਬ ਅੱਠ ਮਜ਼ਦੂਰ ਲੱਗੇ ਹੋਏ ਸੀ। ਦੇਰ ਸ਼ਾਮ ਅਚਾਨਕ ਉਸਾਰੀ ਅਧੀਨ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਇਮਾਰਤ ਢਹਿਢੇਰੀ ਹੋ ਗਈ। ਇਸ ਹਾਦਸੇ ਵਿੱਚ ਦੋ ਮਜ਼ਦੂਰ ਮਲਬੇ ਥੱਲੇ ਦੱਬ ਗਏ। ਹਾਲਾਂਕਿ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਇੱਕ ਮਜ਼ਦੂਰ ਜਸਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਜਾ ਮਜ਼ਦੂਰ ਗੰਭੀਰ ਜ਼ਖ਼ਮੀ ਹੈ। ਜਦੋਂਕਿ ਦੋ ਹੋਰ ਮਜ਼ਦੂਰਾਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਗਈ ਪ੍ਰੰਤੂ ਇਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡ ਸ਼ਾਮਪੁਰ ਵਿੱਚ ਇੱਕ ਵਿਅਕਤੀ ਦਾ ਕਤਲ, ਇੱਕ ਹਮਲਾਵਰ ਕਾਬੂ, ਬਾਕੀ ਫ਼ਰਾਰ

ਪਿੰਡ ਸ਼ਾਮਪੁਰ ਵਿੱਚ ਇੱਕ ਵਿਅਕਤੀ ਦਾ ਕਤਲ, ਇੱਕ ਹਮਲਾਵਰ ਕਾਬੂ, ਬਾਕੀ ਫ਼ਰਾਰ ਗਲੀ ਵਿੱਚ ਟਰੈਕਟਰ ਖੜਾ ਕਰਕੇ ਉੱ…