
ਸੈਕਟਰ-69 ਵਿੱਚ ਸਮੱਸਿਆ: ਕਰੋਨਾ ਤੋਂ ਡਰਦੇ ਠੇਕੇਦਾਰ ਨੇ ਕੰਮ ਅੱਧ ਵਿਚਾਲੇ ਛੱਡਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਇੱਥੋਂ ਦੇ ਸੈਕਟਰ-69 ਦੇ ਵਸਨੀਕ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਆਵਾਜਾਈ ਲਈ ਮੇਨ ਲਾਂਘੇ ਦੀ ਹੈ। ਕਰੋਨਾ ਮਹਾਮਾਰੀ ਤੋਂ ਪਹਿਲਾਂ ਸੈਕਟਰ-69 ਵਿੱਚ ਧੜਾਧੜ ਵਿਕਾਸ ਕੰਮ ਚੱਲ ਰਹੇ ਸੀ ਪ੍ਰੰਤੂ ਹੁਣ ਠੇਕੇਦਾਰ ਕੰਮ ਅੱਧ ਵਿਚਾਲੇ ਛੱਡ ਕੇ ਰੁਪੋਸ਼ ਹੋ ਗਿਆ ਹੈ। ਜਿਸ ਕਾਰਨ ਕਈ ਥਾਵਾਂ ’ਤੇ ਰੇਤਾ ਅਤੇ ਬਜਰੀ ਖਿੱਲਰੀ ਪਈ ਹੈ। ਸੈਕਟਰ ਵਾਸੀ ਸੁਖਦੇਵ ਸਿੰਘ ਅਤੇ ਪਵਨ ਕੁਮਾਰ ਜੈਨ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਤੋਂ ਸਰਕਾਰੀ ਸਕੂਲ ਲੰਬਿਆਂ ਤੱਕ ਸੜਕ ਖ਼ਰਾਬ ਹੈ। ਕੰਮ ਅਧੂਰਾ ਹੋਣ ਕਾਰਨ ਸੜਕ ’ਤੇ ਥਾਂ ਥਾਂ ਬਜਰੀ ਅਤੇ ਰੇਤੇ ਦੀਆਂ ਢੇਰੀਆਂ ਪਈਆਂ ਹਨ ਅਤੇ ਹਵਾ ਚੱਲਣ ’ਤੇ ਸਾਰਾ ਰੇਤਾ ਮਿੱਟੀ ਘਰਾਂ ਵਿੱਚ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਘਰ ਦੇ ਬਾਹਰ ਗੈਲਰੀ ਵਿੱਚ ਬੈਠ ਕੇ ਚਾਹ ਦੀ ਚੁਸਕੀ ਤੱਕ ਨਹੀਂ ਲੈ ਸਕਦਾ ਹੈ। ‘ਬੀ’ ਸੜਕ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਅਤੇ ਸੈਕਟਰ ਵਾਸੀਆਂ ਲਈ ਵਣ ਭਵਨ ਵਾਲੇ ਪਾਸਿਓਂ ਕੋਈ ਪੱਕਾ ਰਸਤ ਨਹੀਂ ਹੈ। ਕਈ ਥਾਵਾਂ ’ਤੇ ਫੁੱਟਪਾਥ ਟੁੱਟੇ ਹੋਏ ਹਨ ਅਤੇ ਕੁਝ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਕਰਮਚਾਰੀ ਵੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕਰਦੇ ਹਨ। ਮਹਿਜ਼ ਖਾਨਾਪੂਰਤੀ ਕਰਕੇ ਲੰਘ ਜਾਂਦੇ ਹਨ।
ਡਾ. ਪਵਨ ਜੈਨ ਅਤੇ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਕਟਰ ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਨਾਲ ਨਿਕਾਸੀ ਨਾਲੀਆਂ ਡੂੰਘੀਆਂ ਹੋ ਗਈਆਂ ਹਨ। ਜਿਸ ਕਾਰਨ ਸਥਾਨਕ ਲੋਕਾਂ ਨੂੰ ਵਾਹਨ ਖੜੇ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਕਈ ਵਾਰ ਵਾਹਨ ਨੂੰ ਗੇਟ ਦੇ ਅੰਦਰ ਕਰਨ ਅਤੇ ਬਾਹਰ ਕੱਢਣ ਸਮੇਂ ਡੂੰਘੀ ਨਾਲੀ ਵਿੱਚ ਟਾਇਰ ਫਸਣ ਕਾਰਨ ਗੱਡੀ ਨੁਕਸਾਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਮਹਾਮਾਰੀ ਨਾਲ ਲੋਕ ਜੂਝ ਰਹੇ ਹਨ ਅਤੇ ਹੁਣ ਡੇਂਗੂ ਤੇ ਮਲੇਰੀਆ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਪ੍ਰੰਤੂ ਪ੍ਰਸ਼ਾਸਨ ਵੱਲੋਂ ਗਲੀ ਮੁਹੱਲੇ ਵਿੱਚ ਫੌਗਿਗ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਾਲੀ ਪਲਾਟਾਂ ਵਿੱਚ ਕਾਂਗਰਸ ਵੱਡੇ ਪੱਧਰ ’ਤੇ ਉੱਗਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਨੇੜੇ ਬੰਦ ਪਏ ਟਿਊਬਵੈੱਲ ਨੰਬਰ-2 ਦੇ ਆਲੇ ਦੁਆਲੇ ਕਾਫੀ ਘਾਹ ਖੜਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਫੌਗਿਗ ਕਰਵਾਈ ਜਾਵੇ ਅਤੇ ਕਾਂਗਰਸ ਘਾਹ ਅਤੇ ਹੋਰ ਘਾਹ ਫੂਸ ਕੱਟਿਆ ਜਾਵੇ ਅਤੇ ਸਫ਼ਾਈ ਵਿਵਸਥਾ ਨੂੰ ਠੀਕ ਕੀਤਾ ਜਾਵੇ।