ਸਰਕਾਰੀ ਹਸਪਤਾਲ ਵਿੱਚ ਠੇਕੇਦਾਰ ਦਾ ਕਾਰਿੰਦਾ ਆਕਸੀਜਨ ਦਾ ਸਿਲੰਡਰ ਵੇਚਦਾ ਰੰਗੇ ਹੱਥੀਂ ਕਾਬੂ

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪਈ ਸੀ ਭਿਣਕ, ਸਿਵਲ ਸਰਜਨ ਨੇ ਤੁਰੰਤ ਡੀਸੀ ਨੂੰ ਕੀਤਾ ਸੂਚਿਤ

ਪ੍ਰਤੀ ਸਿਲੰਡਰ 25 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ ਸੌਦਾ, ਸਿਹਤ ਵਿਭਾਗ ਤੇ ਪੁਲੀਸ ਨੇ ਮਿਲ ਕੇ ਲਾਇਆ ਟਰੈਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਸਿਹਤ ਵਿਭਾਗ ਅਤੇ ਮੁਹਾਲੀ ਪੁਲੀਸ ਨੇ ਅੱਜ ਇਕ ਸਾਂਝੇ ਅਪਰੇਸ਼ਨ ਦੌਰਾਨ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਵਿੱਕਰੀ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਾਰਿੰਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਵਜੋਂ ਹੋਈ ਹੈ। ਇਸ ਗੱਲ ਦਾ ਖੁਲਾਸਾ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜੀਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ। ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਕੰਪਨੀ ਦਾ ਇਕ ਕਾਰਿੰਦਾ ਹਸਪਤਾਲ ਵਿੱਚ ਆਉਣ ਵਾਲੇ ਆਕਸੀਜਨ ਸਿਲੰਡਰ ਚੋਰੀ-ਛਿੱਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿੱਚ ਮੋਟੇ ਪੈਸੇ ਲੈਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਬਾਬਤ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਧਿਆਨ ਵਿੱਚ ਲਿਆਂਦਾ। ਜਿਨ੍ਹਾਂ ਪੁਲੀਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਸਿਹਤ ਵਿਭਾਗ ਦੇ ਇਕ ਕਰਮਚਾਰੀ ਨੇ ਫਰਜ਼ੀ ਗਾਹਕ ਬਣ ਕੇ ਉਕਤ ਕਾਰਿੰਦੇ ਨੂੰ ਆਕਸੀਜਨ ਸਿਲੰਡਰ ਖ਼ਰੀਦਣ ਲਈ ਫੋਨ ਕੀਤਾ ਅਤੇ 25 ਹਜ਼ਾਰ ਰੁਪਏ ਪ੍ਰਤੀ ਸਿਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਕਰਮਚਾਰੀ ਕਾਰਿੰਦੇ ਵੱਲੋਂ ਸਰਕਾਰੀ ਹਸਪਤਾਲ ਦੇ ਪਿੱਛੇ ਦੱਸੀ ਹੋਈ ਥਾਂ (ਮੈਕਸ ਹਸਪਤਾਲ ਵੱਲ) ਅੱਜ ਬਾਅਦ ਦੁਪਹਿਰ 2 ਵਜੇ ਪਹੁੰਚ ਗਿਆ ਅਤੇ ਉਕਤ ਕਾਰਿੰਦੇ ਨੇ ਆਕਸੀਜਨ ਦਾ ਸਿਲੰਡਰ ਤੁਰੰਤ ਉਸ ਦੀ ਗੱਡੀ ਵਿੱਚ ਰਖਵਾ ਦਿੱਤਾ ਅਤੇ ਬਦਲੇ ਵਿੱਚ ਨੋਟ ਲੈ ਲਏ। ਜਿਸ ਨੂੰ ਤੁਰੰਤ ਮੌਕੇ ’ਤੇ ਪੁਲੀਸ ਦੀ ਟੀਮ ਨੇ ਰੰਗੇ-ਹੱਥੀਂ ਕਾਬੂ ਕਰਕੇ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਕਰਿੰਦੇ ਕੋਲੋਂ ਪੁੱਛਗਿੱਛ ਜਾਰੀ ਹੈ।
ਸਿਵਲ ਸਰਜਨ ਨੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਨ ਵਿੱਚ ਭੂਮਿਕਾ ਨਿਭਾਉਣ ਲਈ ਐਸਐਮਓ ਡਾ. ਐਚ.ਐਸ. ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਚੀਮਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਮਰੀਜ਼ਾਂ ਦੇ ਗੰਭੀਰ ਹੋਣ ਦੀ ਸਥਿਤੀ ਵਿੱਚ ਮੈਡੀਕਲ ਆਕਸੀਜਨ ਦੀ ਮੰਗ ਲਗਾਤਾਰ ਵੱਧ ਰਹੀ ਹੈ ਪ੍ਰੰਤੂ ਅਜਿਹੇ ਸਮਾਜ-ਵਿਰੋਧੀ ਅਨਸਰ ਜਿੱਥੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉੱਥੇ ਕੋਵਿਡ ਵਿਰੁੱਧ ਲੜਾਈ ਨੂੰ ਵੀ ਢਾਹ ਲਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖ਼ਾਂ ਪਿੱਛੇ ਭੇਜਣ ਵਿੱਚ ਲੋਕਾਂ ਨੂੰ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …