
ਵਿਵਾਦਿਤ ਕਿਤਾਬ: 15 ਫਰਵਰੀ ਨੂੰ ਸ਼ਹਿਰ ਵਿੱਚ ਪਦ ਯਤਰਾ ਕੱਢਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
‘ਪੰਜਾਬ ਵਸਦਾ ਗੁਰਾਂ ਦੇ ਨਾਂ ’ਤੇ ਪਰ ਗੁਰ ਸਾਹਿਬਾਨ, ਉਨ੍ਹਾਂ ਦੇ ਅਨੁਯਾਈਆਂ ਅਤੇ ਸੱਚੇ ਸੁੱਚੇ ਤੇ ਸ਼ਾਨਾਮਤੇ ਸਿੱਖ ਇਤਿਹਾਸ ਨੂੰ ਬਦਨਾਮ ਕਰਨਾ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਦੇ ਤੁੱਲ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਆਖੀ। ਪੰਜਾਬ ਬੋਰਡ ਦੇ ਬਾਹਰ ਵਿਵਾਦਿਤ ਕਿਤਾਬ ਨੂੰ ਲੈ ਕੇ ਧਰਨਾ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਸੱਚ ਨੂੰ ਕੂੜ ਕਬਾੜ ਹੇਠ ਦਬਣ ਹਿੱਤ ਕਿਤਾਬਾਂ ਛਾਪ ਕੇ ਲੋਕਾਈ ਦੀ ਮਾਨਸਿਕਤਾ ਵਿਚ ਭਰੀ ਜਾ ਰਹੀ ਜ਼ਹਿਰ ਦੇ ਵਿਰੋਧ ਵਿਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪੰਥਕ ਦਰਦੀਆਂ ਖਾਸ ਕਰਕੇ ਚੋਣ ਲੜ ਰਹੇ ਸਭ ਉਮੀਦਵਾਰਾਂ ਨੂੰ ਵੱਡਾ ਸਵਾਲ ਕੀਤਾ ਹੈ ਕਿ ਇਤਿਹਾਸ ਬਾਰੇ ਇਨਸਾਫ਼ ਲੈਣ ਲਈ ਧਰਨੇ ਦਾ ਚੌਥਾ ਦਿਨ ਹੋਣ ਦੇ ਬਾਵਜੂਦ ਵੀ ਇਸ ਸੰਵੇਦਨਸ਼ੀਲ ਮੁੱਦੇ ਉਤੇ ਉਨ੍ਹਾਂ ਦੀ ਚੁਪੀ ਦਾ ਕੀ ਅਰਥ ਲਿਆ ਜਾਵੇ?
ਕੀ ਰਚੀ ਜਾ ਰਹੀ ਇਸ ਸਾਜ਼ਿਸ਼ ਨਾਲ ਉਹ ਵੀ ਸਹਿਮਤ ਹਨ ਜਾਂ ਨਹੀਂ। ਜੇ ਨਹੀਂ ਤਾਂ ਉਹ ਹਮਾਇਤੀਆਂ ਕੋਲ ਵੀ ਮੁੱਦਾ ਉਠਾ ਕੇ ਇਸ ਰੋਸ ਧਰਨੇ ਵਿੱਚ ਸ਼ਾਮਲ ਹੋਣ। ਸਿਰਸਾ ਨੇ ਪ੍ਰਸ਼ਾਸਨ ਨੂੰ ਇਹ ਵੀ ਚਿਤਵਾਨੀ ਦਿੱਤੀ ਕਿ ਇਸ ਮੁੱਦੇ ਨੂੰ ਹੱਲ ਕਰਨ ਦੇ ਯਤਨ ਤੇਜ ਕੀਤੇ ਜਾਣ। ਨਹੀਂ ਤਾਂ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਸਬੰਧੀ ਲੋਕਾਂ ਨੂੰ ਜਾਗਰੂਕ ਕਰਾਉਣ ਮੁਹਾਲੀ ਦੇ ਖੇਤਰ ਵਿੱਚ ਇਨਸਾਫ਼ ਲੈਣ ਖਾਤਰ 15 ਫਰਵਰੀ ਨੂੰ ਪਦ ਮਾਰਚ ਕੱਢਣ ਦਾ ਐਲਾਨ ਕੀਤਾ। ਜਿਸ ਲਈ ਸਭ ਇਨਸਾਫ਼ ਪਸੰਦ ਲੋਕਾਂ (ਸਿੱਖ ਤੇ ਗੈਰ ਸਿੱਖ ਸੰਗਠਨਾਂ/ਸੰਸਥਾਵਾਂ) ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਹੁੰਮਹੁਮਾ ਕੇ ਇਸ ਧਰਨੇ ਅਤੇ ਪਦ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਲੋਕਾਈ ਅੱਗੇ ਇਤਿਹਾਸ ਦੀ ਅਸਲ ਸਚਾਈ ਲਿਆਂਦੀ ਜਾ ਸਕੇ।
ਇਸ ਮੌਕੇ ਕਰਨੈਲ ਸਿੰਘ ਬਰਨਾਲਾ (ਰਿਟਾ. ਸੈਸ਼ਨ ਜੱਜ), ਸੁਖਦੇਵ ਸਿੰਘ, ਜੋਗਿੰਦਰ ਸਿੰਘ, ਸੋਹਣ ਸਿੰਘ (ਗੁਰਮਤਿ ਪ੍ਰਚਾਰਕ), ਜਸਵਿੰਦਰ ਸਿੰਘ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ, ਸੁਖਜੀਤ ਸਿੰਘ, ਬੀਬੀ ਸੋਨੀਆ (ਕਿਸਾਨ ਆਗੂ ਟਿਕੈਟ), ਸ਼ਰਨਜੀਤ ਕੌਰ ਚੰਡੀਗੜ੍ਹ, ਹਰਵਿੰਦਰ ਕੌਰ, ਗੁਰਮੀਤ ਕੌਰ ਖੇੜਾ ਮਾਣਕਪੁਰ, ਬਲਜੀਤ ਕੌਰ ਗੁਰਦਾਸਪੁਰ, ਨਰਿੰਦਰ ਸਿੰਘ ਹਰਨੌਲੀ ਵਰਲਡ ਸਿੱਖ ਮਿਸ਼ਨ, ਗੁਰਮੀਤ ਸਿੰਘ ਪਟਿਆਲਾ, ਅਜੀਤ ਸਿੰਘ ਗੰਗਾ ਨਗਰ (ਅਮਰੀਕਾ), ਕੁਲਬੀਰ ਸਿੰਘ ਬਠਿੰਡਾ, ਕਾਕਾ ਸਿੰਘ ਚੋ ਮਾਜਰਾ, ਹਰਵਿੰਦਰ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, (ਭਾਈ ਘਨੱਈਆ ਸੇਵਾ ਦਲ) ਮਾ. ਲਖਵਿੰਦਰ ਸਿੰਘ ਅੰਮ੍ਰਿਤਸਰ, ਕੁਲਵਿੰਦਰ ਸਿੰਘ ਪੰਜੋਲਾ ਬੀਕੇਯੂ ਖੋਸਾ, ਰਵਿੰਦਰ ਸਿੰਘ ਰੋਪੜ, ਜਤਿੰਦਰ ਸਿੰਘ ਰਾਜਨ ਬੈਂਸ, ਸਤਿਬੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਜਾਪ ਕਰਦਿਆਂ ਇਸ ਧਰਨੇ ਵਿੱਚ ਸ਼ਾਮਲ ਹੋਣਾ ਲੋਕ ਜਾਗਰੂਕ ਹੋਣ ਦਾ ਵੀ ਇੱਕ ਵੱਡਾ ਪ੍ਰਮਾਣ ਵੀ ਬਣਦਾ ਜਾ ਰਿਹਾ ਹੈ।