ਵਿਵਾਦਿਤ ਪੁਸਤਕ ਮਾਮਲਾ: ਐਸਡੀਐਮ ਵੱਲੋਂ ਐਫ਼ਆਈਆਰ ਵਿਚਲੀਆਂ ਤਰੁੱਟੀਆਂ ਛੇਤੀ ਦੂਰ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਪੜ੍ਹਾਈਆਂ ਜਾਣ ਵਾਲੀਆਂ ਪਾਬੰਦੀਸ਼ੁਦਾ ਇਤਿਹਾਸ ਦੀਆਂ ਵਿਵਾਦਿਤ ਪੁਸਤਕਾਂ ਦੇ ਮਾਮਲੇ ਵਿੱਚ ਮੁਹਾਲੀ ਦੇ ਐਸਡੀਐਮ ਅਤੇ ਐਸਪੀ ਸਿਟੀ ਨੇ ਪ੍ਰਦਰਸ਼ਨਕਾਰੀਆਂ ਨੂੰ ਲੇਖਕਾਂ ਵਿਰੁੱਧ ਦਰਜ ਐਫ਼ਆਈਆਰ ਵਿੱਚ ਤਰੁੱਟੀਆਂ ਨੂੰ ਛੇਤੀ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਫੇਜ਼-4, ਮੁਹਾਲੀ ਵਿਖੇ ਬਾਰ੍ਹਵੀਂ ਜਮਾਤ ਲਈ ਸਿੱਖਿਆ ਬੋਰਡ ਦੀਆਂ ਪਾਬੰਦੀਸ਼ੁਦਾ ਇਤਿਹਾਸ ਦੀਆਂ ਵਿਵਾਦਿਤ ਪੁਸਤਕਾਂ ਲਿਖਣ ਵਾਲੇ ਤਿੰਨ ਲੇਖਕਾਂ ਖ਼ਿਲਾਫ਼ ਦਰਜ ਅਪਰਾਧਿਕ ਕੇਸ ਵਿੱਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹਨ। ਉਨ੍ਹਾਂ ਨੇ ਪੁਸਤਕਾਂ ਲਿਖਣ ਵਾਲੇ ਲੇਖਕਾਂ ਸਮੇਤ ਪੁਸਤਕਾਂ ਛਾਪਣ ਵਾਲੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਅਤੇ ਪ੍ਰਵਾਨਗੀ ਦੇਣ ਵਾਲੇ ਸਿੱਖਿਆ ਬੋਰਡ ਦੇ ਤਤਕਾਲੀ ਅਫ਼ਸਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਪੁਲੀਸ ਨੇ ਸਿਰਫ਼ ਲੇਖਕਾਂ ਵਿਰੁੱਧ ਹੀ ਪਰਚਾ ਕੀਤਾ ਗਿਆ ਹੈ।
ਜਥੇਦਾਰ ਸਿਰਸਾ ਨੇ ਦੱਸਿਆ ਕਿ ਉਹ ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚਾ ਤਹਿਤ ਸਿੱਖਿਆ ਬੋਰਡ ਦੇ ਬਾਹਰ ਪਿਛਲੇ 99ਵੇਂ ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ ਅਤੇ ਅੱਜ ਧਰਨਾਕਾਰੀਆਂ ਨੇ ਪਹਿਲਾਂ ਉਲੀਕੇ ਪ੍ਰੋਗਰਾਮ ਤਹਿਤ ਆਪਣਾ ਸੰਘਰਸ਼ ਤੇਜ਼ ਕਰਦਿਆਂ ਅੱਜ ਸਕੂਲ ਬੋਰਡ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪ੍ਰੰਤੂ ਥੋੜ੍ਹੀ ਦੇਰ ਬਾਅਦ ਹੀ ਉੱਥੇ ਐਸਡੀਐਮ ਹਰਬੰਸ ਸਿੰਘ ਅਤੇ ਐਸਪੀ ਸਿਟੀ ਜਗਵਿੰਦਰ ਸਿੰਘ ਚੀਮਾ ਪਹੁੰਚ ਗਏ ਅਤੇ ਉਨ੍ਹਾਂ ਨੇ ਲੇਖਕਾਂ ਵਿਰੁੱਧ ਦਰਜ ਪਰਚੇ ਵਿਚਲੀਆਂ ਤਰੁੱਟੀਆਂ ਜਲਦੀ ਦਰੁਸਤ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੇ ਗੇਟਾਂ ਦੇ ਤਾਲੇ ਖੋਲ੍ਹ ਦਿੱਤੇ।
ਅੱਜ ਦੇ ਇਸ ਧਰਨਾ ਪ੍ਰਦਰਸ਼ਨ ਵਿੱਚ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਮੁਹਾਲੀ ਪ੍ਰਸ਼ਾਸਨ ਦੇ ਭਰੋਸੇ ’ਤੇ ਗੇਟ ਖੋਲ੍ਹ ਦਿੱਤੇ ਹਨ ਪਰ ਲੜੀਵਾਰ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਬਾਕੀ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ। ਅੱਜ ਦੇ ਧਰਨੇ ਨੂੰ ਗੁਰਨਾਮ ਸਿੰਘ ਸਿੱਧੂ, ਮਨੂ ਕੁਹਾੜ, ਹਰਦੇਵ ਸਿੰਘ ਚਿੱਟੀ, ਬੀਬੀ ਗੁਰਜੀਤ ਕੌਰ, ਮਨਪ੍ਰੀਤ ਕੌਰ, ਲਖਵਿੰਦਰ ਸਿੰਘ ਅੌਲਖ, ਜਸਵੰਤ ਸਿੰਘ, ਗੁਰਦਿਆਲ ਸਿੰਘ ਪਠਾਨਕੋਟ, ਬਲਬੀਰ ਸਿੰਘ ਰੰਧਾਵਾ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਵਕੀਲ ਸਿੰਘ ਮੌਜਗੜ੍ਹ ਨੇ ਨਿਭਾਈ। ਇਸ ਮੌਕੇ ਨਿਹੰਗ ਜਥੇਬੰਦੀਆਂ ਨੇ ਵੀ ਵਧ ਚੜ੍ਹ ਕੇ ਯੋਗਦਾਨ ਪਾਇਆ। ਸੰਗਤਾਂ ਲਈ ਲੰਗਰ ਦੀ ਸੇਵਾ ਪਰਮਦੀਪ ਸਿੰਘ ਪਰਮ, ਬਾਬਾ ਅਵਤਾਰ ਸਿੰਘ, ਬਾਬਾ ਖੁਸ਼ਹਾਲ ਸਿੰਘ ਟਿੱਬੀ ਸਾਹਿਬ ਰੂਪਨਗਰ, ਪਿੰਡ ਚਤਾਮਲੀ ਦੀ ਸੰਗਤ ਨੇ ਕੀਤੀ ਜਦੋਂਕਿ ਬੀਬੀ ਹਰਵਿੰਦਰ ਕੌਰ ਅੰਬ ਸਾਹਿਬ ਅਤੇ ਪਿੰਡ ਕੁੰਭੜਾ ਦੀ ਸੰਗਤ ਨੇ ਛਬੀਲ ਦੀ ਸੇਵਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …