ਵਿਵਾਦਿਤ ਕਿਤਾਬ: …’ਤੇ ਜਦੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਖ਼ੁਦ ਮੁਹਾਲੀ ਧਰਨੇ ਵਿੱਚ ਪਹੁੰਚੇ

ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਵਿਵਾਦਿਤ ਕਿਤਾਬ ਦੇ ਪੰਨੇ ਫਰੋਲੇ, ਕਾਰਵਾਈ ਦਾ ਭਰੋਸਾ

ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 24ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਇਤਿਹਾਸ ਵਿਸ਼ੇ ਦੀ ਵਿਵਾਦਿਤ ਕਿਤਾਬ ਪੜਾਉਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਮੰਗਲਵਾਰ ਨੂੰ 24ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਉਧਰ, ਸਿੱਖਿਆ ਮੰਤਰੀ ਪ੍ਰਗਟ ਸਿੰਘ ਅੱਜ ਅਚਾਨਕ ਧਰਨੇ ਵਿੱਚ ਪਹੁੰਚ ਗਏ। ਉਨ੍ਹਾਂ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਬਾਰੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਵਾਦਿਤ ਕਿਤਾਬ ਦੇ ਪੰਨੇ ਫਰੋਲੇ ਅਤੇ ਜਥੇਦਾਰ ਸਿਰਸਾ ਸਮੇਤ ਧਰਨੇ ’ਤੇ ਬੈਠੇ ਹੋਰਨਾਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਵਿਵਾਦਿਤ ਕਿਤਾਬਾਂ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵਿਦਿਆਰਥੀਆਂ ਦੇ ਹੱਥਾਂ ਵਿੱਚ ਸਹੀ ਪਾਠਕ੍ਰਮ ਪੁੱਜਦਾ ਕੀਤਾ ਜਾਵੇਗਾ ਅਤੇ ਕਿਤਾਬ ਛਾਪਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਘੋਖ ਕੀਤੀ ਜਾਵੇਗੀ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਕੋਲੋਂ ਮੰਗ ਪੱਤਰ ਵੀ ਹਾਸਲ ਕੀਤਾ।

ਇਸ ਮੌਕੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਕੂਲੀ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਗੁਰੂਆਂ ਬਾਰੇ ਗਲਤ ਤੱਥ ਪੜ੍ਹਾਏ ਜਾ ਰਹੇ ਹਨ ਅਤੇ ਇਹ ਕਿਤਾਬ ਪ੍ਰਕਾਸ਼ਿਤ ਕਰਨ ਜਾਂ ਪ੍ਰਵਾਨਗੀ ਦੇਣ ਤੋਂ ਪਹਿਲਾਂ ਕਿਸੇ ਅਧਿਕਾਰੀ ਜਾਂ ਵਿਸ਼ਾ ਮਾਹਰ ਵੱਲੋਂ ਖਰੜੇ ’ਤੇ ਝਾਤ ਮਾਰਨ ਦੀ ਵੀ ਖੇਚਲ ਨਹੀਂ ਕੀਤੀ ਅਤੇ ਉੱਚ ਅਧਿਕਾਰੀਆਂ ਨੇ ਅੱਖਾਂ ਮੀਚ ਕੇ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਗਲਤ ਇਤਿਹਾਸ ਪੜ੍ਹਾਇਆ ਜਾਵੇਗਾ ਤਾਂ ਫਿਰ ਉਨ੍ਹਾਂ ਤੋਂ ਚੰਗੇ ਭਵਿੱਖ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ, ਬਲਕਿ ਜ਼ਿੰਮੇਵਾਰ ਵਿਅਕਤੀਆਂ ਉਹ ਭਾਵੇਂ ਕੋਈ ਵੀ ਹੋਣ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਸੋਹਣ ਸਿੰਘ ਅਠਵਾਲ, ਗੁਰਪਾਲ ਸਿੰਘ ਪਟਿਆਲਾ, ਸ਼ਵਿੰਦਰ ਸਿੰਘ ਲੱਖੋਵਾਲ, ਵਿਜੈ ਕੁਮਾਰ ਬੜਵਾ, ਜਤਿੰਦਰ ਸਿੰਘ ਗੱਬੇਮਾਜਰਾ, ਬਚਿੱਤਰ ਸਿੰਘ ਹੁਸ਼ਿਆਰਪੁਰ, ਬੀਬੀ ਮਨਿੰਦਰ ਕੌਰ, ਅਮਰਜੀਤ ਕੌਰ, ਹਰਪ੍ਰੀਤ ਕੌਰ, ਲਖਬੀਰ ਸਿੰਘ, ਦਿਲਬਾਗ ਸਿੰਘ ਕੈਨੇਡਾ, ਮਾ. ਲਖਵਿੰਦਰ ਸਿੰਘ ਹਵੇਲੀਆਣਾ, ਪ੍ਰੀਤਮ ਸਿੰਘ ਪੱਟੀ, ਨਸੀਬ ਸਿੰਘ ਸਾਂਗਣਾ ਅਤੇ ਮਹਿਤਾਬ ਸਿੰਘ ਖਾਨੇਵਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…