ਵਿਵਾਦਿਤ ਕਿਤਾਬ: ਜਾਂਚ ਅਧਿਕਾਰੀ ਵੱਲੋਂ ਬੋਰਡ ਅਧਿਕਾਰੀਆਂ ਤੇ ਹੋਰਨਾਂ ਦੇ ਬਿਆਨ ਕਲਮਬੰਦ

ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ ਪ੍ਰਦਰਸ਼ਨ ਜਾਰੀ, 5 ਮਾਰਚ ਨੂੰ ਲਿਆ ਜਾਵੇਗਾ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ ਜਾਰੀ ਹੈ। ਉਧਰ, ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਬੋਰਡ ਮੈਨੇਜਮੈਂਟ ਵੱਲੋਂ ਆਈਪੀਐਸ ਮਲਹੋਤਰਾ ਨੂੰ ਜਾਂਚ ਸੌਂਪੀ ਗਈ ਸੀ, ਜਿਨ੍ਹਾਂ ਨੇ ਆਪਣੀ ਪੜਤਾਲ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਾਂਚ ਅਧਿਕਾਰੀ ਨੇ ਇਤਿਹਾਸ ਦੀ ਵਿਵਾਦਿਤ ਕਿਤਾਬ ਛਾਪਣ ਅਤੇ ਪ੍ਰਵਾਨਗੀ ਦੇਣ ਤੋਂ ਲੈ ਕੇ ਪ੍ਰਕਾਸ਼ਿਤ ਕਰਨ ਤੱਕ ਆਦਿ ਸਬੰਧਤ ਅਧਿਕਾਰੀਆਂ ਅਤੇ ਵਿਅਕਤੀਆਂ ਨੂੰ ਸੱਦ ਕੇ ਬਿਆਨ ਕਲਮਬੰਦ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਬਿਆਨ ਲਏ ਗਏ ਹਨ, ਉਨ੍ਹਾਂ ਵਿੱਚ ਬੋਰਡ ਦੇ ਕਈ ਸੇਵਾਮੁਕਤ ਅਫ਼ਸਰ ਵੀ ਸ਼ਾਮਲ ਹਨ। ਇਸ ਸਮੁੱਚੀ ਕਾਰਵਾਈ ਦੀ ਬਕਾਇਦਾ ਵੀਡੀਓਗਰਾਫ਼ੀ ਕੀਤੀ ਗਈ ਤਾਂ ਜੋ ਬਿਆਨਕਰਤਾ ਆਪਣੇ ਬਿਆਨਾਂ ਤੋਂ ਮੁਨਕਰ ਨਾ ਹੋ ਸਕਣ। ਸ਼ਿਕਾਇਤਾਂ ਕਰਤਾ ਜਥੇਦਾਰ ਬਲਦੇਵ ਸਿੰਘ ਸਿਰਸਾ ਹੁਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਪੜਤਾਲੀਆਂ ਅਫ਼ਸਰ ਤੋਂ 5 ਮਾਰਚ ਤੱਕ ਮੁਕੰਮਲ ਜਾਂਚ ਰਿਪੋਰਟ ਮੰਗੀ ਗਈ ਹੈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬਿਆਨ ਦਰਜ ਕੀਤੇ ਜਾ ਰਹੇ ਸਨ ਪ੍ਰੰਤੂ ਇਸ ਸਬੰਧੀ ਕੋਈ ਵੀ ਬੋਰਡ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੋਇਆ। ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੈ। ਰਿਪੋਰਟ ਮਿਲਣ ਤੋਂ ਪਹਿਲਾਂ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ ਅਤੇ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ।
ਇਸ ਮੌਕੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸਕੂਲ ਬੋਰਡ ਦੇ ਚੇਅਰਮੈਨ ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਨਾਲ ਸਬੰਧਤ ਅਧਿਕਾਰੀਆਂ, ਪ੍ਰਕਾਸ਼ਕਾਂ ਅਤੇ ਪੜਚੋਲ ਕਮੇਟੀ ਦੇ ਬਿਆਨ ਦਰਜ ਕਰ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਤੇਜ਼ ਹੋਣ ਨਾਲ ਸੰਗਤ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਅਤੇ ਜਲਦੀ ਹੀ ਮਸਲੇ ਦਾ ਸਥਾਈ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਜੇਕਰ 5 ਮਾਰਚ ਨੂੰ ਵਿਵਾਦਿਤ ਕਿਤਾਬ ਛਾਪਣ ਅਤੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਪਹੁੰਚਾਉਣ ਤੱਕ ਜ਼ਿੰਮੇਵਾਰ ਅਧਿਕਾਰੀਆਂ, ਪ੍ਰਕਾਸ਼ਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਸ ਸਬੰਧੀ ਸੰਘਰਸ਼ ਨੂੰ ਤੇਜ਼ ਕਰਨ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਗੁਪਤ ਐਕਸ਼ਨ ਵੀ ਕੀਤੇ ਜਾਣਗੇ।

ਅੱਜ ਧਰਨੇ ਵਿੱਚ ਡਾ. ਹਰਬੰਤ ਸਿੰਘ ਪਟਿਆਲਾ, ਗੁਰਨਾਮ ਸਿੰਘ ਸਿੱਧੂ, ਸੁਖਮਿੰਦਰ ਸਿੰਘ, ਮਹਿਤਾਬ ਸਿੰਘ ਖਾਨਵਾਲ, ਲੇਖਕ ਲਖਵਿੰਦਰ ਸਿੰਘ ਰਈਆ, ਹਰਦੀਪ ਸਿੰਘ ਲੁਧਿਆਣਾ, ਨਸੀਬ ਸਿੰਘ ਸਾਂਗਣਾ, ਵਿਰਸਾ ਸਿੰਘ ਤਰਨਤਾਰਨ, ਅਜੀਤ ਸਿੰਘ ਖੰਨਾ, ਮਨਜੀਤ ਸਿੰਘ ਖਾਲੜਾ, ਜਤਿੰਦਰ ਸਿੰਘ ਗਬੇਮਾਜਰਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਦਰਸ਼ਨ ਸਿੰਘ ਫਤਹਿਗੜ੍ਹ ਸਾਹਿਬ, ਬੀਬੀ ਦਪਿੰਦਰ ਕੌਰ, ਡਾ. ਰਾਧਾ ਬਵਾਲ ਬਠਿੰਡਾ, ਅਮਰਜੀਤ ਕੌਰ, ਪ੍ਰਵੀਨ ਕੌਰ, ਅਰੋਮਾ ਚੰਡੀਗੜ੍ਹ , ਗੁਰਨਾਮ ਸਿੰਘ ਕਰਨਾਲ, ਲਖਬੀਰ ਸਿੰਘ, ਅਜੈਬ ਸਿੰਘ ਕੁੰਭੜਾ, ਰਜਿੰਦਰ ਸਿੰਘ ਬਾਲੀ, ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…