ਵਿਵਾਦਿਤ ਕਿਤਾਬ: ਜਥੇਦਾਰ ਸਿਰਸਾ ਨੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ

ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ ਪ੍ਰਦਰਸ਼ਨ ਜਾਰੀ, 15 ਮਾਰਚ ਨੂੰ ਸਿੱਖਾਂ, ਕਿਸਾਨਾਂ ਤੇ ਬੁੱਧੀਜੀਵੀਆਂ ਦਾ ਇਕੱਠ ਸੱਦਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਵਿਵਾਦਿਤ ਕਿਤਾਬਾਂ ਪੜਾਉਣ ਦਾ ਮਾਮਲਾ ਠੱਲ੍ਹਣ ਦਾ ਨਾਮ ਨਹੀਂ ਲੈ ਲਿਆ ਹੈ। ਹਾਲਾਂਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਸਕੂਲ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ 5 ਮਾਰਚ ਨੂੰ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵਿੱਚ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ 15 ਮਾਰਚ ਨੂੰ ਧਰਨੇ ਵਾਲੀ ਥਾਂ ’ਤੇ ਸਿੱਖਾਂ, ਪੰਥ ਹਿਤੈਸ਼ੀ, ਕਿਸਾਨਾਂ, ਬੁੱਧੀਜੀਵੀਆਂ ਅਤੇ ਹੋਰ ਸੰਗਠਨਾਂ ਦਾ ਸਾਂਝਾ ਇਕੱਠ ਸੱਦਿਆ ਗਿਆ ਹੈ।
ਅੱਜ ਧਰਨਾਕਾਰੀਆਂ ਨੇ ਸਿੱਖਿਆ ਬੋਰਡ ਦੇ ਬਾਹਰ ਪੱਕਾ ਮੋਰਚਾ ਲਗਾਉਣ ਲਈ ਲੋਹੇ ਦੇ ਸ਼ੈੱਡ (ਪੱਕਾ ਸ਼ੈੱਡ) ਤਿਆਰ ਕੀਤਾ ਗਿਆ ਹੈ ਤਾਂ ਜੋ ਬਾਰਸ਼ ਅਤੇ ਹਨੇਰੀ ਝੱਖੜ ਤੋਂ ਬਚਿਆ ਜਾ ਸਕਿਆ। ਨੇੜੇ ਭਵਿੱਖ ਵਿੱਚ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਇਹ ਧਰਨਾ ਦਿੱਲੀ ਮੋਰਚੇ ਦਾ ਰੂਪ ਵੀ ਲੈ ਸਕਦਾ ਹੈ। ਨੇੜੇ ਭਵਿੱਖ ਵਿੱਚ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਕਿਸਾਨ ਅੰਦੋਲਨ ਵਾਂਗ ਇਹ ਧਰਨਾ ਦਿੱਲੀ ਮੋਰਚੇ ਦਾ ਰੂਪ ਵੀ ਲੈ ਸਕਦਾ ਹੈ। ਇਸ ਮੌਕੇ ਕਿਸਾਨ ਮੋਰਚੇ ਦੀ ਸਾਂਝੀ ਸੱਥ ਦੇ ਫਾਉਂਡਰ ਸੁਖਵਿੰਦਰ ਸਿੰਘ ਬੜਵੇ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਿਰਕਤ ਕਰਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਉਧਰ, ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਸਿੱਖ ਵਿਰੋਧੀ ਤਾਕਤਾਂ ਕਹਿਣ ਵਾਲੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਧਰਨਾਕਾਰੀ ਆਗੂ ਨੇ ਕਿਹਾ ਕਿ ਐਸਜੀਪੀਸੀ ਦੇ ਨੁਮਾਇੰਦੇ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ (ਸਿਰਸਾ) ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ ਜਦੋਂਕਿ ਸਚਾਈ ਇਹ ਹੈ ਕਿ ਧਾਰਮਿਕ ਸੰਸਥਾ ਦੇ ਇਹ ਆਗੂ ਬਿਨਾਂ ਸੱਚ ਜਾਣੇ ਉਨ੍ਹਾਂ ਵੱਲੋਂ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਐਸਜੀਪੀਸੀ ਦੇ ਮੈਂਬਰ ਤੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੇ ਜਥੇਦਾਰ ਸਿਰਸਾ ’ਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਅਤੇ ‘ਸਿੱਖ ਇਤਿਹਾਸ’ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇਣ ਦਾ ਦੋਸ਼ ਲਾਇਆ ਸੀ।
ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਅੱਜ ਦੂਜੇ ਦਿਨ ਵੀ ਸਕੂਲ ਬੋਰਡ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਨਾਲ ਆਨਲਾਈਨ ਲੰਮੀ ਚੌੜੀ ਵਿਚਾਰ ਚਰਚਾ ਕੀਤੀ। ਇਸ ਮਾਮਲੇ ਨਾਲ ਸਬੰਧਤ ਅਧਿਕਾਰੀਆਂ, ਪ੍ਰਕਾਸ਼ਕਾਂ ਅਤੇ ਪੜਚੋਲ ਕਮੇਟੀ ਦੇ ਬਿਆਨ ਲਏ ਗਏ। ਇਸ ਸਬੰਧੀ ਬੋਰਡ ਨੇ ਜਾਂਚ ਸਬੰਧੀ ਕੁਝ ਅਹਿਮ ਦਸਤਾਵੇਜ ਦੀਆਂ ਕਾਪੀਆਂ ਵੀ ਅੰਦੋਲਨਕਾਰੀਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਇਤਿਹਾਸ ਦੀਆਂ ਕਿਤਾਬਾਂ ਛਾਪਣ ਦੀ ਜ਼ਿੰਮੇਵਾਰੀ ਤੋਂ ਭੱਜਣ ਲਈ ਬੋਰਡ ਤਿਆਰੀ ਵੀ ਕਰ ਰਿਹਾ ਹੈ। ਜੇਕਰ ਅਜਿਹਾ ਵਾਪਰਦਾ ਹੈ ਤਾਂ ਇੱਕ ਮਹੱਤਵਪੂਰਨ ਵਿਸ਼ੇ ਇਤਿਹਾਸ ਦੇ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਹੋਵੇਗਾ। ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਪੇਸ਼ ਕਰਨ ਲਈ ਗੁਰਬਾਣੀ ਨੂੰ ਆਧਾਰ ਬਣਾਇਆ ਜਾਵੇ। ਇਹ ਇਤਿਹਾਸ ਦੀਆਂ ਪ੍ਰਕਾਸ਼ਿਤ ਕਿਤਾਬਾਂ ਮੁਹੱਈਆ ਕਰਵਾਉਣਾ ਬੋਰਡ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ।
ਇਸ ਮੌਕੇ ਨਸੀਬ ਸਿੰਘ ਸਾਂਗਣਾ, ਮਹਿਤਾਬ ਸਿੰਘ ਖਾਨਵਾਲ, ਲਖਵਿੰਦਰ ਸਿੰਘ ਹਵੇਲੀਆਣਾ, ਅਮਨਦੀਪ ਰਈਆ, ਮਕੈਨਿਕ ਵਿਕੀ, ਗਗਨਦੀਪ ਸਿੰਘ, ਰਣਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਹਰਦੀਪ ਸਿੰਘ ਲੁਧਿਆਣਾ, ਵਿਰਸਾ ਸਿੰਘ ਤਰਨਤਾਰਨ, ਅਜੀਤ ਸਿੰਘ ਖੰਨਾ, ਮਨਜੀਤ ਸਿੰਘ ਖਾਲੜਾ, ਜਤਿੰਦਰ ਸਿੰਘ ਗਬੇਮਾਜਰਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਦਰਸ਼ਨ ਸਿੰਘ ਫਤਹਿਗੜ੍ਹ, ਬੀਬੀ ਦਪਿੰਦਰ ਕੌਰ, ਡਾ. ਰਾਧਾ ਬਵਾਲ ਬਠਿੰਡਾ, ਅਮਰਜੀਤ ਕੌਰ, ਪ੍ਰਵੀਨ ਕੌਰ, ਅਰੋਮਾ ਚੰਡੀਗੜ੍ਹ, ਗੁਰਨਾਮ ਸਿੰਘ ਕਰਨਾਲ, ਲਖਬੀਰ ਸਿੰਘ, ਅਜੈਬ ਸਿੰਘ ਕੁੰਭੜਾ, ਰਜਿੰਦਰ ਸਿੰਘ ਬਾਲੀ, ਗੁਰਨਾਮ ਸਿੰਘ ਸਿੱਧੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …