
ਵਿਵਾਦਿਤ ਕਿਤਾਬ ਮਾਮਲਾ: ਜਥੇਦਾਰ ਸਿਰਸਾ ਨੇ ਪੜਤਾਲੀਆਂ ਅਫ਼ਸਰ ਕੋਲ ਬਿਆਨ ਦਰਜ ਕਰਵਾਏ
ਪੜਤਾਲੀਆਂ ਅਫ਼ਸਰ ਵੱਲੋਂ 29 ਅਪਰੈਲ ਨੂੰ ਲੇਖਕ ਤੇ ਪ੍ਰਿੰਟਿੰਗ ਪ੍ਰੈੱਸਾਂ ਦੇ ਨੁਮਾਇੰਦੇ ਤਲਬ
ਸਕੂਲ ਬੋਰਡ ਦੇ ਬਾਹਰ ਲੜੀਵਾਰ ਧਰਨਾ 81ਵੇਂ ਦਿਨ ਵਿੱਚ ਦਾਖ਼ਲ, ਹੁਕਮਰਾਨਾਂ ’ਤੇ ਤੱਥਾਂ ਨੂੰ ਅਣਗੌਲਿਆ ਕਰਨ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਪੰਜਾਬ ਦੇ ਸਕੂਲਾਂ ਵਿੱਚ ਇਤਿਹਾਸ ਦੀ ਵਿਵਾਦਿਤ ਕਿਤਾਬ ਪੜਾਉਣ ਦੇ ਮਾਮਲੇ ਨੂੰ ਲੈ ਕੇ ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚਾ ਤਹਿਤ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਵੀਰਵਾਰ ਨੂੰ 81ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਜਥੇਦਾਰ ਸਿਰਸਾ ਨੇ ਪੜਤਾਲੀਆਂ ਅਫ਼ਸਰ ਇੰਦਰਪਾਲ ਸਿੰਘ ਮਲਹੋਤਰਾ ਕੋਲ ਆਪਣੇ ਬਿਆਨ ਦਰਜ ਕਰਵਾਏ ਜਦੋਂਕਿ ਲੇਖਕ ਅਤੇ ਪ੍ਰਿੰਟਿੰਗ ਪ੍ਰੈਸਾਂ ਦੇ ਨੁਮਾਇੰਦਿਆਂ ਨੂੰ ਤਲਬ ਕਰਦਿਆਂ ਭਲਕੇ 29 ਅਪਰੈਲ ਸ਼ਾਮ ਤੱਕ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜਾਂਚ ਅਧਿਕਾਰੀ ਨਾਲ ਮੁਲਾਕਾਤ ਦੌਰਾਨ ਜਥੇਦਾਰ ਸਿਰਸਾ ਨੇ ਜਾਂਚ ਅਧਿਕਾਰੀ ਨੂੰ ਇਤਿਹਾਸ ਦੀਆਂ ਪੁਸਤਕਾਂ ਛਾਪਣ ਵਾਲੇ ਵੱਖ-ਵੱਖ ਲੇਖਕਾਂ ਅਤੇ ਤਿੰਨ ਕਿਤਾਬਾਂ ਵਿੱਚ ਇਤਰਾਜ਼ਯੋਗ ਤੱਥ ਪੇਸ਼ ਕਰਦਿਆਂ ਆਪਣੇ ਬਿਆਨ ਦਰਜ ਕਰਵਾਏ। ਜਿਸ ਵਿੱਚ ਉਨ੍ਹਾਂ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਗਿਆ ਕਿ ਪੁਸਤਕ ਦੇ ਪੰਨਾ ਨੰਬਰ 155 ’ਤੇ ਲੇਖਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਕ ਆਮ ਵਿਅਕਤੀ ਵਜੋਂ ਸੰਬੋਧਨ ਕੀਤਾ ਹੈ ਅਤੇ ਇਸ ਤੋਂ ਅੱਗੇ ਹਿੰਦ ਦੀ ਚਾਦਰ ਵੱਲੋਂ ਇਕ ਮੁਸਲਮਾਨ ਫ਼ਕੀਰ ਹਾਫਿਜ਼ ਆਦਮ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਲੁੱਟਾਂ ਚੋਰੀਆਂ, ਡਕੈਤੀਆਂ ਅਤੇ ਕਤਲੋਗਾਰਦ ਕਰਕੇ ਪੰਜਾਬ ਨੂੰ ਉਜਾੜ ਦੀ ਗੱਲ ਲਿਖੀ ਗਈ ਹੈ। ਜਿਸ ਕਾਰਨ ਅੌਰੰਗਜ਼ੇਬ ਦੇ ਆਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰਕੇ ਉਨ੍ਹਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਗਵਾਲੀਅਰ ਦੇ ਕਿਲ੍ਹੇ ਦੇ ਚਾਰੇ ਦਰਵਾਜ਼ਿਆਂ ’ਤੇ ਟੰਗ ਗਏ।
ਜਥੇਦਾਰ ਸਿਰਸਾ ਨੇ ਆਪਣੇ ਬਿਆਨਾਂ ਲਿਖਵਾਇਆ ਕਿ ਲੇਖਕਾਂ ਨੇ ਬਹੁਤ ਹੀ ਡੂੰਘੀ ਸਾਜ਼ਿਸ਼ ਅਧੀਨ ਇਕ ਤੀਰ ਨਾਲ ਦੋ ਨਿਸ਼ਾਨੇ ਸਾਧਦਿਆਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀ ਅਸਲ ਸਚਾਈ ਕਸ਼ਮੀਰੀ ਪੰਡਤਾਂ ਵੱਲੋਂ ਫਰਿਆਦ ਕਰਨ ’ਤੇ ਜ਼ੁਲਮ ਖ਼ਿਲਾਫ਼ ਚਾਂਦਨੀ ਚੌਕ ਦਿੱਲੀ ਵਿੱਚ ਦਿੱਤੀ ਅਦੁੱਤੀ ਤੇ ਲਾਸਾਨੀ ਸ਼ਹੀਦੀ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚੋਂ ਮਿਟਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ, ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਾਈਧਾਰ ਦੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ’ਚੋਂ ਆਜ਼ਾਦ ਕਰਵਾਉਣ ਵਾਲੇ ਇਤਿਹਾਸ ਦਾ ਵੀ ਮਲੀਆਮੇਟ ਕੀਤਾ ਗਿਆ ਹੈ। ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ। ਜਦੋਂਕਿ ਤਤਕਾਲੀ ਅਤੇ ਮੌਜੂਦਾ ਹੁਕਮਰਾਨ ਉਨ੍ਹਾਂ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਅਣਗੌਲਿਆ ਕਰਕੇ ਜਾਂਚ ਨੂੰ ਲਮਕਾ ਰਹੇ ਹਨ।
ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀ ਇਤਿਹਾਸ ਦੀ ਪੁਸਤਕ ਵਿੱਚ ਸਿੱਖ ਗੁਰੂ ਸਾਹਿਬਾਨ, ਸਿੱਖ ਕੌਮ ਦੇ ਮਹਾਨ ਯੋਧਿਆਂ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕਾਂ, ਪ੍ਰਿੰਟਿੰਗ ਪ੍ਰੈੱਸਾਂ ਅਤੇ ਪੁਸਤਕ ਛਾਪਣ ਦੀ ਪ੍ਰਵਾਨਗੀ ਦੇਣ ਵਾਲੇ ਬੋਰਡ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜੇਕਰ ਸਰਕਾਰ ਨੇ ਜਲਦੀ ਕਸੂਰਵਾਰਾਂ ਨੂੰ ਜੇਲ੍ਹ ਵਿੱਚ ਨਾ ਡੱਕਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਗੁਪਤ ਐਕਸ਼ਨ ਕੀਤੇ ਜਾਣਗੇ।