
ਵਿਵਾਦਿਤ ਕਿਤਾਬ: ਸਕੂਲ ਬੋਰਡ ਤੇ ਸਿੱਖਿਆ ਭਵਨ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ
ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 54ਵੇਂ ਦਿਨ ਵਿੱਚ ਦਾਖ਼ਲ
ਗੇਟ ਖੁਲ੍ਹਵਾਉਣ ਨੂੰ ਲੈ ਕੇ ਮੁਲਾਜ਼ਮ ਜਥੇਬੰਦੀ ਤੇ ਵਿਰੋਧੀ ਧਿਰ ਵੀ ਆਹਮੋ ਸਾਹਮਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਪੰਜਾਬ ਦੇ ਸਕੂਲਾਂ ਵਿੱਚ ਇਤਿਹਾਸ ਦੀ ਵਿਵਾਦਿਤ ਕਿਤਾਬ ਪੜਾਉਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਸ਼ੁੱਕਰਵਾਰ ਨੂੰ 54ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਅੱਜ ਸਵੇਰੇ ਸਕੂਲ ਬੋਰਡ ਅਤੇ ਸਿੱਖਿਆ ਭਵਨ ਦੇ ਸਾਰੇ ਗੇਟ ਬੰਦ ਕਰਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਜਿਸ ਕਾਰਨ ਬੋਰਡ ਅਤੇ ਸਿੱਖਿਆ ਭਵਨ ਦੇ ਦਫ਼ਤਰੀ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ ਆਪਣੇ ਸਰਟੀਫਿਕੇਟ ਲੈਣ ਅਤੇ ਹੋਰ ਕੰਮਾਂ ਕਾਰਾਂ ਲਈ ਬੋਰਡ ਦਫ਼ਤਰ ਪਹੁੰਚੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਬਾਅਦ ਵਿੱਚ ਮੁਲਾਜ਼ਮਾਂ ਦੇ ਨਿੱਜੀ ਦਖ਼ਲ ਨਾਲ ਪ੍ਰਦਰਸ਼ਨਕਾਰੀਆਂ ਨੇ ਗੇਟ ਖੋਲ੍ਹ ਦਿੱਤੇ ਗਏ।
ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਈ ਲੇਖਕਾਂ ਅਤੇ ਪ੍ਰਾਈਵੇਟ ਪਬਲਿਸ਼ਰਾਂ ਨੇ ਕਿਸੇ ਡੂੰਘੀ ਸਾਜ਼ਿਸ਼ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਲਈ ਪਾਬੰਦੀਸ਼ੁਦਾ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ, ਪੰਜਾਬ ਦੇ ਇਤਿਹਾਸ ਨੂੰ ਵਿਗਾੜ ਕੇ ਛਾਪੀਆਂ ਗਈਆਂ ਹਨ, ਜੋ ਆਮ ਦੁਕਾਨਾਂ ’ਤੇ ਸ਼ਰ੍ਹੇਆਮ ਵਿਕ ਵੀ ਰਹੀਆਂ ਹਨ। ਇਸ ਸਬੰਧੀ ਲੇਖਕ, ਪ੍ਰਿੰਟਿੰਗ ਪ੍ਰੈਸਾਂ ਅਤੇ ਜ਼ਿੰਮੇਵਾਰ ਅਫ਼ਸਰਾਂ ਦੇ ਖ਼ਿਲਾਫ਼ ਉਚਿੱਤ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਪਿਛਲੇ ਲਗਪਗ ਦੋ ਮਹੀਨੇ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ, ਸਗੋਂ ਪੜਤਾਲ ਦੀ ਆੜ ਵਿੱਚ ਸਰਕਾਰ ਇਸ ਮਾਮਲੇ ਨੂੰ ਲੰਮੇ ਤੱਕ ਲਮਕਾ ਕੇ ਰੱਖਣਾ ਚਾਹੁੰਦੀ ਹੈ। ਹੁਣ ਤੱਕ ਚਾਰ ਪੜਤਾਲਾਂ ਚੁੱਕੀਆਂ ਹਨ। ਤਤਕਾਲੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਧਰਨੇ ਵਿੱਚ ਆ ਕੇ ਕਾਰਵਾਈ ਦਾ ਭਰੋਸਾ ਦਿੱਤਾ ਲੇਕਿਨ ਇਨ੍ਹਾਂ ਰਿਪੋਰਟਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਜਿਸ ਤੋਂ ਸਰਕਾਰ ਦੀ ਨੀਅਤ ਵਿੱਚ ਖੋਟ ਜਾਪਦੀ ਹੈ।
ਜਥੇਦਾਰ ਸਿਰਸਾ ਨੇ ਕਿਹਾ ਕਿ ਜਦੋਂ ਤੱਕ ਜ਼ਿੰਮੇਵਾਰ ਅਫ਼ਸਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਸੋਧ ਕਰਨ ਅਤੇ ਸਿੱਖ ਜਗਤ ਤੋਂ ਜਨਤਕ ਮੁਆਫ਼ੀ ਨਹੀਂ ਮੰਗੀ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਗੁਪਤ ਐਕਸ਼ਨ ਕੀਤਾ ਜਾਵੇਗਾ।
(ਬਾਕਸ ਆਈਟਮ)
ਸਿੱਖਿਆ ਬੋਰਡ ਕਰਮਚਾਰੀ ਅੇਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਦੋ ਮਹੀਨੇ ਤੋਂ ਜਥੇਦਾਰ ਸਰਿਸਾ ਧਰਨੇ ’ਤੇ ਬੈਠੇ ਹਨ। ਜਥੇਬੰਦੀ ਨੇ ਉਨ੍ਹਾਂ ਦੀ ਬੋਰਡ ਮੈਨੇਜਮੈਂਟ ਨਾਲ ਮੀਟਿੰਗ ਵੀ ਕਰਵਾਈ ਗਈ ਸੀ ਪ੍ਰੰਤੂ ਅੱਜ ਉਨ੍ਹਾਂ ਨੇ ਅਚਨਚੇਤ ਬੰਦ ਕਰ ਦਿੱਤੇ। ਐਨੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਪ੍ਰਧਾਨ ਉੱਥੇ ਪਹੁੰਚ ਗਏ ਅਤੇ ਗੇਟ ਖੁਲ੍ਹਵਾਉਣ ਲਈ ਜ਼ੋਰ ਪਾਉਣ ਲੱਗੇ। ਸੈਣੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਅਤੇ ਰੋਹ ਨੂੰ ਦੇਖਦੇ ਹੋਏ ਜਥੇਬੰਦੀ ਨੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਇੰਤਜਾਰ ਕਰਨ ਲਈ, ਪ੍ਰੰਤੂ ਆਪਣੀ ਹਾਰ ਕਾਰਨ ਬੁਖਲਾਏ ਸਾਬਕਾ ਪ੍ਰਧਾਨ ਅੌਖੇ ਭਾਰੇ ਹੋਣ ਲੱਗ ਪਏ। ਉਨ੍ਹਾਂ ਕਿਹਾ ਕਿ ਗਲਤ ਕਿਤਾਬਾਂ ਲਿਖਣ ਅਤੇ ਛਾਪਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

(ਬਾਕਸ ਆਈਟਮ)
ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਬਹੁਤ ਮੰਦਭਾਗੀ ਗੱਲ ਹੈ। ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਰੋਜ਼ਾਨਾ ਪ੍ਰਦਰਸ਼ਨ ਹੋਣ ਕਾਰਨ ਮਸਲਾ ਉਲਝਦਾ ਜਾ ਰਿਹਾ ਹੈ ਅਤੇ ਇਕ ਦੋ ਬੰਦਿਆਂ ਦੀ ਗਲਤੀ ਨਾਲ ਪੂਰੇ ਬੋਰਡ ਦੀ ਬਦਨਾਮੀ ਹੋ ਰਹੀ ਹੈ ਪ੍ਰੰਤੂ ਮੁਲਾਜ਼ਮ ਜਥੇਬੰਦੀ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਰਮਚਾਰੀਆਂ ਨੂੰ ਸੜਕ ’ਤੇ ਵਾਹਨ ਖੜਾ ਕੇ ਦਫ਼ਤਰ ਆਉਣਾ ਪੈਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਸਲਾ ਬਹੁਤ ਗੰਭੀਰ ਹੈ ਪਰ ਇਸ ਨਾਲ ਦਫ਼ਤਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ। ਅੱਜ ਜਦੋਂ ਜਥੇਬੰਦੀ ਨੇ ਹੱਥ ਖੜੇ ਕਰ ਦਿੱਤੇ ਤਾਂ ਵਿਰੋਧੀ ਧਿਰ ਨੇ ਗੇਟ ਖੁਲਵਾਏ ਤਾਂ ਕਿਤੇ ਜਾ ਕੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਵਿੱਚ ਜਾ ਸਕੇ।