ਪੰਜਾਬ ਦੇ ਸਕੂਲਾਂ ਵਿੱਚ ਵਿਵਾਦਿਤ ਕਿਤਾਬ ਪੜ੍ਹਾਉਣ ਦਾ ਮਾਮਲਾ ਭਖਿਆ, ਸੂਬਾ ਪੱਧਰੀ ਰੋਸ ਮੁਜ਼ਾਹਰਾ

ਨੌਜਵਾਨ ਆਗੂ ਲੱਖਾ ਸਿਧਾਣਾ ਸਮੇਤ ਕਿਸਾਨਾਂ ਤੇ ਬੀਬੀਆਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ

ਤਿੰਨ ਸਾਂਝੇ ਮਤੇ ਪਾਸ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸੋਮਵਾਰ ਨੂੰ ਸਿੱਖਿਆ ਬੋਰਡ ਦੇ ਬਾਹਰ ਸੂਬਾ ਪੱਧਰੀ ਮਹਾ ਰੈਲੀ ਕੀਤੀ ਗਈ। ਜਦੋਂਕਿ ਲੜੀਵਾਰ ਧਰਨਾ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਵਿਰੋਧ ਪ੍ਰਦਰਸ਼ਨ ਦੀ ਅਰੰਭਤਾ ਸਵੇਰੇ ਜਪੁਜੀ ਸਾਹਿਬ ਤੇ ਚੋਪਾਈ ਸਾਹਿਬ ਪਾਠ ਅਤੇ ਅਰਦਾਸ ਉਪਰੰਤ ਹੋਈ।
ਧਰਨੇ ਵਿੱਚ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਕਿਸਾਨ ਯੂਨੀਅਨ (ਚੜੂਨੀ), ਨਿਹੰਗ ਜਥੇਬੰਦੀਆਂ ਸਮੇਤ ਪੰਥ ਹਿਤੈਸ਼ੀ ਸ਼ਖ਼ਸੀਅਤਾਂ, ਕਿਸਾਨ ਬੀਬੀਆਂ ਅਤੇ ਹਿਊਮਨ ਰਾਈਟਸ ਯੂਨਾਈਟਿਡ ਸਿੱਖਸ, ਯੂਨਾਈਟਿਡ ਸਿੱਖਸ, ਸਾਬਤ ਸੂਰਤ ਸਿੱਖ ਆਰਗਨਾਈਜ਼ੇਸ਼ਨ, ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤਿੰਨ ਮਤੇ ਪਾਸ ਕਰਕੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕ, ਪ੍ਰਕਾਸ਼ਕ, ਮਾਨਤਾ ਦੇਣ ਵਾਲੇ ਬੋਰਡ ਅਧਿਕਾਰੀਆਂ ਸਮੇਤ ਤਤਕਾਲੀ ਸਿੱਖਿਆ ਮੰਤਰੀ ਵਿਰੁੱਧ ਪਰਚੇ ਕੀਤੇ ਜਾਣ, ਵਿਵਾਦਿਤ ਕਿਤਾਬਾਂ ’ਤੇ ਪੂਰਨ ਪਾਬੰਦੀ ਲਗਾਉਣ ਅਤੇ ਸਿੱਖ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਅਨੁਸਾਰ ਪ੍ਰਖਣ ਲਈ ਮਾਹਰਾਂ ਦੀ ਕਮੇਟੀ ਬਣਾ ਕੇ ਪੜਚੋਲ ਕਰਵਾਉਣ ਉਪਰੰਤ ਪ੍ਰਕਾਸ਼ਿਤ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਨੂੰ ਉਜਾੜਨ ਅਤੇ ਸਿੱਖ ਕੌਮ ਖ਼ਤਮ ਕਰਨ ਲਈ ਡੂੰਘੀ ਸਾਜ਼ਿਸ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੋ ਕਿ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਦੋਂ ਪੰਜਾਬ ਸਰਕਾਰ ਅਤੇ ਸਕੂਲ ਬੋਰਡ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਤਾਂ ਲੜੀਵਾਰ ਧਰਨਾ ਸ਼ੁਰੂ ਕਰਨਾ ਪਿਆ। ਉਨ੍ਹਾਂ ਨੇ ਪੰਥ ਦਰਦੀਆਂ ਅਤੇ ਸਮੂਹ ਜਥੇਬੰਦੀਆਂ ਨੂੰ ਮਹਾ ਰੈਲੀ ਦਾ ਸੁਨੇਹਾ ਲਾਇਆ ਸੀ ਅਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ।
ਜਥੇਦਾਰ ਸਿਰਸਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਲਗਾਤਾਰ ਸ਼ਿਕਾਇਤਾਂ ਦੇ ਕੇ ਇਨਸਾਫ਼ ਦੀ ਮੰਗ ਕਰਦੇ ਆ ਰਹੇ ਹਨ ਪਰ ਸਰਕਾਰ ਨੇ ਇਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਨੌਵੇਂ ਪਾਤਸ਼ਾਹ ਨੂੰ ਚੋਰ ਡਾਕੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਨੂੰ ਲੋਕਾਂ ਦਾ ਖੂਨ ਚੂਸਣ ਵਾਲਾ ਰਾਖਸਿਸ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਤਾਂ ਸਿਰਫ਼ ਟਰੇਲਰ ਹੈ, ਫਿਲਮ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਦਰਜ ਗਲਤ ਤੱਥ ਹਟਾਏ ਜਾਣ ਅਤੇ ਕਿਤਾਬ ਨੂੰ ਨਵੇਂ ਸਿਰਿਓਂ ਸੋਧ ਕੇ ਛਾਪਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਤਿਹਾਸ ਦੀ ਵਿਵਾਦਿਤ ਕਿਤਾਬ ਲਿਖਣ ਵਾਲੇ ਲੇਖਕ ਅਤੇ ਇਸ ਨੂੰ ਛਾਪਣ ਵਾਲੇ ਪ੍ਰਿੰਟਰ ਅਤੇ ਪ੍ਰਵਾਨਗੀ ਦੇਣ ਵਾਲੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਡਾ. ਪਿਆਰਾ ਲਾਲ ਗਰਗ, ਲੱਖਾ ਸਿੰਘ ਸਿਧਾਣਾ, ਕਿਸਾਨ ਆਗੂ ਮੇਹਰ ਸਿੰਘ ਥੇੜੀ, ਜਗਜੀਤ ਸਿੰਘ ਡੱਲੇਵਾਲ, ਸਿੱਖ ਆਗੂ ਗੁਰਨਾਮ ਸਿੰਘ ਸਿੱਧੂ, ਹਰਮਨਪ੍ਰੀਤ ਕੌਰ ਵਿਰਕ, ਕਰਨੈਲ ਸਿੰਘ ਮਾਛੀਵਾੜਾ, ਮਨਮੋਹਨ ਸਿੰਘ ਖੇੜਾ ਨੇ ਵੀ ਮਹਾ ਰੈਲੀ ਨੂੰ ਸੰਬੋਧਨ ਕੀਤਾ। ਜਦੋਂਕਿ ਕੁਲਵਿੰਦਰ ਸਿੰਘ ਪੰਜੋਲਾ ਨੇ ਮੰਚ ਸੰਚਾਲਕ ਕੀਤਾ।

ਇਸ ਮੌਕੇ ਗਿਆਨੀ ਕੇਵਲ ਸਿੰਘ, ਸਿੱਖਿਆ ਬੋਰਡ ਸੇਵਾਮੁਕਤ ਮੁਲਾਜ਼ਮ ਜਥੇਬੰਦੀ ਦੇ ਆਗੂ ਗੁਰਮੇਲ ਸਿੰਘ ਮੋਜੋਵਾਲ, ਕਿਸਾਨ ਆਗੂ ਗਿਆਨ ਸਿੰਘ ਧੜਾਕ, ਪਰਮਦੀਪ ਸਿੰਘ ਬੈਦਵਾਨ, ਰਵਿੰਦਰ ਸਿੰਘ ਵਜੀਦਪੁਰ, ਜਸਵਿੰਦਰ ਸਿੰਘ ਵਿਰਕ, ਸਤਨਾਮ ਸਿੰਘ ਦਾਊਂ, ਪਰਮਜੀਤ ਸਿੰਘ ਚੌਹਾਨ, ਜਥੇਦਾਰ ਸੰਤੋਖ ਸਿੰਘ, ਬਾਬਾ ਬੇਅੰਤ ਸਿੰਘ ਸਿਰਸਾ, ਹਰਜਿੰਦਰ ਸਿੰਘ ਮੱਧ ਪ੍ਰਦੇਸ਼, ਗੁਰਜਿੰਦਰ ਸਿੰਘ, ਜਸਬੀਰ ਸਿੰਘ, ਲੇਖਕ ਲਖਵਿੰਦਰ ਸਿੰਘ ਰਈਆ, ਨਸੀਬ ਸਿੰਘ ਸਾਂਗਣਾ, ਬੀਰ ਸਿੰਘ ਬੜਵਾ, ਜਤਿੰਦਰ ਸਿੰਘ ਮੁਹਾਲੀ, ਗੁਰਜਿੰਦਰ ਕੌਰ ਨਵਾਂ ਸ਼ਹਿਰ, ਗੁਰਨਾਮ ਸਿੰਘ ਕਰਨਾਲ, ਬਲਵਿੰਦਰ ਸਿੰਘ ਤਰਨਤਾਰਨ, ਸ਼ਵਿੰਦਰ ਸਿੰਘ ਲੱਖੋਵਾਲ, ਗੁਰਵਿੰਦਰ ਸਿੰਘ ਲੰਗਰ ਸੇਵਾ ਸੰਸਥਾ, ਬਲਵਿੰਦਰ ਸਿੰਘ ਫਰੀਦਕੋਟ, ਕੰਵਰਪਾਲ ਸਿੰਘ ਬਠਿੰਡਾ, ਅਮਰਜੀਤ ਸਿੰਘ ਲੁਧਿਆਣਾ, ਰਜਿੰਦਰ ਸਿੰਘ ਬਾਲੀ, ਮਨਦੀਪ ਕੌਰ ਪੰਨੂ, ਸੁਰਿੰਦਰ ਸਿੰਘ, ਜੁਗਪ੍ਰੀਤ ਸਿੰਘ, ਕੁਲਦੀਪ ਸਿੰਘ ਮੋਗਾ, ਬਾਪੂ ਲਾਭ ਸਿੰਘ ਸਮੇਤ ਵੱਖ-ਵੱਖ ਨਿਹੰਗ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਲੰਗਰ ਵੀ ਅਤੁੱਟ ਵਰਤਿਆਂ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…