
ਪੰਜਾਬ ਦੇ ਸਕੂਲਾਂ ਵਿੱਚ ਵਿਵਾਦਿਤ ਕਿਤਾਬ ਪੜ੍ਹਾਉਣ ਦਾ ਮਾਮਲਾ ਭਖਿਆ, ਸੂਬਾ ਪੱਧਰੀ ਰੋਸ ਮੁਜ਼ਾਹਰਾ
ਜਥੇਦਾਰ ਸਿਰਸਾ ਦੀ ਅਗਵਾਈ ਹੇਠ ਸਿੱਖ ਆਗੂਆਂ ਦਾ ਵਫ਼ਦ 17 ਮਾਰਚ ਨੂੰ ਨਵੇਂ ਮੁੱਖ ਮੰਤਰੀ ਨਾਲ ਕਰੇਗਾ ਮੁਲਾਕਾਤ
ਨਿਹੰਗ ਜਥੇਬੰਦੀਆਂ, ਕਿਸਾਨਾਂ ਤੇ ਬੀਬੀਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ
ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 37ਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਅੱਜ ਸਿੱਖਿਆ ਬੋਰਡ ਦੇ ਬਾਹਰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਜਦੋਂਕਿ ਲੜੀਵਾਰ ਧਰਨਾ 37ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਅੱਜ ਦੇ ਧਰਨੇ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਨਾਮ ਸਿੰਘ ਸਿੱਧੂ ਸਮੇਤ ਕਿਸਾਨਾਂ, ਨਿਹੰਗ ਜਥੇਬੰਦੀਆਂ ਸਮੇਤ ਪੰਥ ਹਿਤੈਸ਼ੀ ਸ਼ਖ਼ਸੀਅਤਾਂ, ਕਿਸਾਨ ਬੀਬੀਆਂ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਤੋਂ ਚਾਰ ਮਤੇ ਪਾਸ ਕਰਕੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕ, ਪ੍ਰਕਾਸ਼ਕ, ਮਾਨਤਾ ਦੇਣ ਵਾਲੇ ਬੋਰਡ ਅਧਿਕਾਰੀਆਂ ਸਮੇਤ ਤਤਕਾਲੀ ਸਿੱਖਿਆ ਮੰਤਰੀ ਵਿਰੁੱਧ ਪਰਚੇ ਦਰਜ ਕਰਨ, ਵਿਵਾਦਿਤ ਕਿਤਾਬਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।
ਇਸ ਮੌਕੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਤੱਕ ਜ਼ਿੰਮੇਵਾਰ ਅਫ਼ਸਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਸੋਧ ਕਰਕੇ ਸਿੱਖ ਜਗਤ ਤੋਂ ਜਨਤਕ ਮੁਆਫ਼ੀ ਨਹੀਂ ਮੰਗ ਜਾਂਦੀ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਲਕੇ ਬੁੱਧਵਾਰ ਨੂੰ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਫ਼ ਲੈਣਾ ਹੈ ਅਤੇ ਅਗਲੇ ਦਿਨ 17 ਮਾਰਚ ਨੂੰ ਸੰਘਰਸ਼ਸ਼ੀਲ ਆਗੂਆਂ ਦਾ ਵਫ਼ਦ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ ਅਤੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਸਬੰਧੀ ਤੱਥਾਂ ਦੇ ਆਧਾਰ ’ਤੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਵਾਦਿਤ ਕਿਤਾਬ ਦੀ ਜਾਂਚ ਅਧਿਕਾਰੀ ਇੰਦਰਪਾਲ ਸਿੰਘ ਮਲਹੋਤਰਾ ਨੇ ਬੀਤੀ 5 ਮਾਰਚ ਨੂੰ ਜਾਂਚ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਰਾਹੀਂ ਤਤਕਾਲੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਭੇਜ ਦਿੱਤੀ ਸੀ। ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਸਿੱਧੂ, ਜੈ ਭਗਵਾਨ ਸਿੰਘ ਕੈਥਲ, ਲੇਖਕ ਇੰਦਰਜੀਤ ਸਿੰਘ ਵਾਸੂ, ਨਸੀਬ ਸਿੰਘ ਸਾਂਘਣਾ, ਗਿਆਨੀ ਕੇਵਲ ਸਿੰਘ, ਡਾ. ਦਰਸ਼ਨ ਪਾਲ, ਬੀਬੀ ਪਾਲ ਕੌਰ, ਗੁਲਜਿੰਦਰ ਕੌਰ, ਮਲਕੀਤ ਸਿੰਘ, ਅਭਿਮਾਨੂ ਕੁਹਾਰ ਹਰਿਆਣਾ, ਸੰਗਾਰਾ ਸਿੰਘ ਹਨੂਮਾਨਗੜ੍ਹ, ਗੁਰਜਿੰਦਰ ਸਿੰਘ ਗੱਗੀ, ਡਾ. ਮਨਜੀਤ ਕੌਰ ਟਿਕੈਟ ਗਰੁੱਪ, ਮਨਿੰਦਰ ਸਿੰਘ ਖਾਲਸਾ, ਡਾ. ਪਿਆਰੇ ਲਾਲ ਗਰਗ ਸਮੇਤ ਕਿਸਾਨ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਲੜੀਵਾਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਮਾ. ਲਖਵਿੰਦਰ ਸਿੰਘ ਰਈਆ, ਗੁਰਮੀਤ ਸਿੰਘ, ਸਵਰਨ ਸਿੰਘ ਹਰਿਆਣਾ, ਜਸਵਿੰਦਰ ਸਿੰਘ ਮਲੇਰਕੋਟਲਾ, ਸੋਹਣ ਸਿੰਘ, ਰੁਪਿੰਦਰ ਕੌਰ ਕੈਨੇਡਾ, ਸਤਿਬੀਰ ਸਿੰਘ, ਜਸਵੰਤ ਸਿੰਘ, ਰਜਿੰਦਰ ਸਿੰਘ ਬੈਨੀਪਾਲ, ਰਾਜੇਸ਼ ਕੁਮਾਰ, ਸ਼ਰਨਦੀਪ ਕੌਰ ਨਵਾਂ ਸ਼ਹਿਰ, ਹਰਮਿੰਦਰ ਸਿੰਘ ਖੁਮਾਣੋ, ਬਾਬਾ ਮਹਾਂ ਸਿੰਘ , ਅਵਤਾਰ ਸਿੰਘ ਕੋਰੀਵਾਲਾ ਡਾਕਟਰ ਬਲਰਾਜ ਸਿੰਘ ਲਕਸ਼ਰੀ ਨੰਗਲ, ਪ੍ਰਭਜੋਤ ਸਿੰਘ ਅਜਨਾਲਾ, ਮਹਿਤਾਬ ਸਿੰਘ ਹੀਰਾ,ਨਿਹੰਗ ਸਿੰਘ ਬੁੱਢਾ ਦਲ, ਪੰਥਕ ਦਰਦੀ ਜਥੇਬੰਦੀਆਂ, ਹਮਖਿਆਲੀ ਕਿਸਾਨ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੀ ਨਾਨਕ ਲੇਵਾ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਧਰਨੇ ਵਿੱਚ ਸਾਬਤ ਸੂਰਤ ਸਿਨੇ ਆਰਟਿਸਟਫੈਡਰੇਸ਼ਨ ਨੇ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਧਰਨੇ ਪੱਖਿਆਂ ਦੀ ਸੇਵਾ ਕਰਨ ਦਾ ਸੋਹਾਣਾ ਸਿੰਘ ਸ਼ਹੀਦਾਂ, ਦਿੱਲੀ ਦੁੱਧ ਸੇਵਾ ਭਗਤ ਧੰਨਾ ਜੀ ਬੇਗਮਪੁਰਾ, ਖਾਲਸਾ ਸਰਬੱਤ ਸੇਵਾ, ਕੁੰਭੜਾ, ਮਟੌਰ, ਰਾਏਪੁਰ ਕਲਾਂ, ਭਾਗੋਮਾਜਰਾ, ਚਾਓ ਮਾਜਰਾ, ਦੁਰਾਲੀ, ਰਾਏਪੁਰ ਖੁਰਦ,ਚਾਚੋ ਮਾਜਰਾ, ਪਾਪੜੀ, ਮਨੋਲੀ,ਕੁਰੜੀ,ਛੱਜੂ ਮਾਜਰਾ,ਸੰਤੇ ਮਾਜਰਾ, ਫਤਿਹਗੜ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਏ ਗਏ।