
ਵਿਵਾਦਿਤ ਕਿਤਾਬ: ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਦੀ ਹਮਾਇਤ ਦਾ ਐਲਾਨ
ਜ਼ਿਲ੍ਹਾ ਪੱਧਰ ’ਤੇ ਅੱਜ ਗੂੰਜੇਗਾ ਵਿਵਾਦਿਤ ਕਿਤਾਬ ਦਾ ਮੁੱਦਾ, 25 ਮਾਰਚ ਨੂੰ ਰਾਜਪਾਲਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 42ਵੇਂ ਦਿਨ ਵਿੱਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਇਤਿਹਾਸ ਦੀ ਵਿਵਾਦਿਤ ਕਿਤਾਬ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਕੂਲ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 42ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਕਿਸਾਨ ਜਥੇਬੰਦੀ ਦੇ ਆਗੂ ਸ਼ਿਵ ਕੁਮਾਰ ਕਾਕਾ, ਰਾਜਸਥਾਨ ਤੋਂ ਇੰਦਰਜੀਤ ਸਿੰਘ, ਸੀਮਾ ਰਾਣੀ ਤੇ ਮਹਿੰਦਰਪਾਲ ਸਿੰਘ, ਹਰਿਆਣਾ ਤੋਂ ਕਾਮਰੇਡ ਇੰਦਰਜੀਤ ਸਿੰਘ, ਅਮਰਜੀਤ ਸਿੰਘ ਮੋਹਰੀ, ਜਰਨੈਲ ਸਿੰਘ ਰੱਤੀਆ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਸਿਰਸਾ, ਗੁਰਲਾਲ ਸਿੰਘ ਭੰਗੂ, ਦਿੱਲੀ ਤੋਂ ਮਨੂ ਕੌਸ਼ਿਕ, ਪੰਜਾਬ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨਪਾਲ, ਬਲਦੇਵ ਸਿੰਘ ਜ਼ੀਰਾ, ਹਰਿੰਦਰ ਸਿੰਘ ਲੱਖੋਵਾਲ, ਬਲਵੰਤ ਸਿੰਘ ਬਹਿਰਾਮਕੇ, ਅਮਰਜੀਤ ਸਿੰਘ ਦਸੂਹਾ, ਸੁਖਦੇਵ ਸਿੰਘ ਗੁਰਦਾਸਪੁਰ, ਗੁਰਿੰਦਰ ਸਿੰਘ ਭੰਗੂ ਅਤੇ ਸੰਤ ਸਿਪਾਹੀ ਸੇਵਾ ਲਹਿਰ ਕਰਨਾਲ ਦੇ ਆਗੂ ਧਰਨੇ ’ਤੇ ਬੈਠੇ।
ਇਸ ਮੌਕੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਲਕੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ ਅੰਦਰ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਦੇ ਬਾਹਰ ਦਿੱਤੇ ਜਾਣ ਵਾਲੇ ਧਰਨਿਆਂ ਉੱਤੇ ਵਿਵਾਦਿਤ ਕਿਤਾਬ ਦਾ ਮੁੱਦਾ ਵੀ ਗੰੂਜੇਗਾ ਅਤੇ 25 ਮਾਰਚ ਨੂੰ ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਵਿੱਚ ਵੀ ਵਿਵਾਦਿਤ ਕਿਤਾਬ ਬਾਰੇ ਮੱਦ ਏਜੰਡੇ ਵਿੱਚ ਸ਼ਾਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿੰਮੇਵਾਰ ਅਫ਼ਸਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਸੋਧ ਕਰਨ ਅਤੇ ਸਿੱਖ ਜਗਤ ਤੋਂ ਜਨਤਕ ਮੁਆਫ਼ੀ ਨਹੀਂ ਮੰਗੀ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਕਸੂਰਵਾਰ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਕੇ ਪੰਜਾਬ ਅਤੇ ਦੇਸ਼ ਵਿੱਚ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਗੁਪਤ ਐਕਸ਼ਨ ਕੀਤਾ ਜਾਵੇਗਾ।
ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਲੇਖਕ ਲਖਵਿੰਦਰ ਸਿੰਘ ਹਵੇਲੀਆਣਾ, ਪੰਜਾਬੀ ਮਾਸਟਰ ਰਸ਼ਪਾਲ ਸਿੰਘ ਤੇਜਿੰਦਰ ਪਾਲ ਸਿੰਘ ਗੰਗਾਨਗਰ, ਮਹਿਤਾਬ ਸਿੰਘ ਹੀਰਾ, ਹਰਮਿੰਦਰ ਸਿੰਘ ਲੁਧਿਆਣਾ, ਹਰਪਾਲ ਸਿੰਘ ਮੁਕਤਸਰ, ਹਰਜੀਤ ਸਿੰਘ ਅਕਾਲਗੜ੍ਹ, ਪਰਮਜੀਤ ਸਿੰਘ ਝਾਰਖੰਡ ਵੀ ਹਾਜ਼ਰ ਸਨ। ਅੱਜ ਪਿੰਡ ਪੱਤੋਂ ਦੀ ਸੰਗਤ ਵੱਲੋਂ ਧਰਨਾਕਾਰੀਆਂ ਲਈ ਲੰਗਰ ਦੀ ਸੇਵਾ ਕੀਤੀ ਗਈ।

ਇਸੇ ਦੌਰਾਨ ਖੰਨਾ ਤੋਂ ‘ਆਪ’ ਵਿਧਾਇਕ ਤਰਨਦੀਪ ਸਿੰਘ ਸੌਂਦ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ਸ਼ੀਲ ਆਗੂਆਂ ਨਾਲ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਵਿਧਾਨ ਸਭਾ ਚੁੱਕਿਆ ਜਾਵੇਗਾ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ‘ਆਪ’ ਵਿਧਾਇਕ ਭਲਕੇ 21 ਮਾਰਚ ਨੂੰ ਵੀ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਸਿੱਖ ਆਗੂਆਂ ਕੋਲੋਂ ਮੁੱਖ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਹਾਸਲ ਕਰਨਗੇ। ਇਸ ਮੌਕੇ ਪੰਜ ਪਿਆਰਿਆਂ ’ਚੋਂ ਸਤਨਾਮ ਸਿੰਘ ਖੰਡਾ ਵੀ ਮੌਜੂਦ ਸਨ।