nabaz-e-punjab.com

ਸਿੱਖ ਕਤਲੇਆਮ ਬਾਰੇ ਵਿਵਾਦਪੂਰਨ ਬਿਆਨ ਦੇ ਕੇ ਸਿੱਖਾਂ ਤੇ ਅਕਾਲੀਆਂ ਦੇ ਨਿਸ਼ਾਨੇ ’ਤੇ ਆਏ ਸੈਮ ਪਿਤਰੋਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਨਵੰਬਰ 1984 ਦੇ ਸਿੱਖ ਕਤਲੇਆਮ ’ਤੇ ਮਿੱਟੀ ਪਾਉਣ ਸਬੰਧੀ ਮੀਡੀਆ ਵਿੱਚ ਵਿਵਾਦ ਪੂਰਨ ਬਿਆਨ ਦੇ ਕੇ ਸੀਨੀਅਰ ਕਾਂਗਰਸ ਸੈਮ ਪਿਤਰੋਦਾ ਸਿੱਖਾਂ ਅਤੇ ਅਕਾਲੀਆਂ ਦੇ ਨਿਸ਼ਾਨੇ ’ਤੇ ਆਏ ਗਏ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਮੁਹਾਲੀ ਏਅਰਪੋਰਟ ’ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸੈਮ ਪਿਤਰੋਦਾ ਦਾ ਸ਼ਾਨਦਾਰ ਸਵਾਗਤ ਕਰਨ ਉਪਰੰਤ ਆਪਣੇ ਘਰ ਸੱਦ ਕੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਖ਼ੁਦ ਨੂੰ ਸਿੱਖ ਹਿਤੈਸ਼ੀ ਦੱਸਣ ਦਾ ਢੌਂਗ ਰਚਾ ਰਹੇ ਹਨ।
ਬੀਬੀ ਲਾਂਡਰਾਂ ਅਤੇ ਸ੍ਰੀ ਕਾਲੇਵਾਲ ਨੇ ਕਿਹਾ ਕਿ ਸੈਮ ਪਿਤਰੋਦਾ ਨੇ ਸਿੱਖ ਕਤਲੇਆਮ ਬਾਰੇ ਵਿਵਾਦਪੂਰਨ ਦੇ ਕੇ ਦੰਗਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ 80 ਤੋਂ 90 ਫੀਸਦੀ ਸਿੱਖਾਂ ਦੀ ਆਬਾਦੀ ਹੈ। ਲਿਹਾਜ਼ਾ ਸੈਮ ਪਿਤਰੋਦਾ ਦਾ ਮੁਹਾਲੀ ਵਿੱਚ ਸਵਾਗਤ ਕਰਨ ਅਤੇ ਆਪਣੇ ਘਰ ਖਾਣਾ ਪਰੋਸਣ ਲਈ ਮੰਤਰੀ ਸਿੱਧੂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਮੰਤਰੀ ਵੱਲੋਂ ਸੈਮ ਪਿਤਰੋਦਾ ਨੂੰ ਖਾਣੇ ਲਈ ਦਾਵਤ ਦੇਣਾ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਸੈਮ ਪਿਤਰੋਦਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਮੁੱਚਾ ਦੇਸ਼ ਪਿਤਰੋਦਾ ਦੀ ਉਕਤ ਬਿਆਨਬਾਜ਼ੀ ’ਤੇ ਉਨ੍ਹਾਂ ਨੂੰ ਲਾਹਨਤਾਂ ਪਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੇ ਕਾਂਗਰਸੀ ਆਗੂ ਅਜਿਹੇ ਕਥਿਤ ਸਿੱਖ ਵਿਰੋਧੀ ਆਗੂ ਦੀ ਆਓ ਭਗਤ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਤੋਂ ਸਿੱਖ ਕਤਲੇਆਮ ਅਤੇ ਪਿਤਰੋਦਾ ਮਾਮਲੇ ਵਿੱਚ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…