ਲੁੱਕ ਪਲਾਂਟ ਵਾਲੀ ਸ਼ਾਮਲਾਤ ਜ਼ਮੀਨ ਦੇ ਠੇਕੇ ਦੇ ਪੈਸਿਆਂ ਨੂੰ ਲੈ ਕੇ ਠੇਕੇਦਾਰ ਤੇ ਪਿੰਡ ਵਾਸੀਆਂ ’ਚ ਤਣਾਅ

ਪਿੰਡ ਵਾਸੀਆਂ ਨੇ ਬਜਰੀ ਚੁੱਕਣ ਆਏ ਠੇਕੇਦਾਰ ਦੀਆਂ ਟਰਾਲੀਆਂ ਤੇ ਜੇਸੀਬੀ ਮਸ਼ੀਨ ਨੂੰ ਪਾਇਆ ਘੇਰਾ

ਆਪਸੀ ਗੱਲਬਾਤ ਕਿਸੇ ਕੰਢੇ ਨਾ ਲੱਗਣ ਕਾਰਨ ਮਾਮਲਾ ਥਾਣੇ ਪੁੱਜਾ, ਠੇਕੇਦਾਰ ਵਾਲੀਆ ਨੇ ਸਾਰੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਕਲਾਂ ਦੀ ਕਰੀਬ ਚਾਰ ਏਕੜ ਸ਼ਾਮਲਾਤ ਜ਼ਮੀਨ ’ਤੇ ਕੁੱਝ ਵਰ੍ਹੇ ਪਹਿਲਾਂ ਤੱਕ ਚੱਲਦੇ ਰਹੇ ਲੁੱਕ ਪਲਾਂਟ (ਜੋ ਹੁਣ ਬੰਦ ਹੈ) ਦੇ ਠੇਕੇ ਦੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਠੇਕੇਦਾਰ ਅਤੇ ਗਰਾਮ ਪੰਚਾਇਤ, ਪਿੰਡ ਵਾਸੀ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਕ ਪਾਸੇ ਜਿੱਥੇ ਚੱਪੜਚਿੜੀ ਕਲਾਂ ਦੇ ਸਰਪੰਚ ਕੈਪਟਨ ਪਿਆਰਾ ਸਿੰਘ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਠੇਕੇਦਾਰ ਅਵਤਾਰ ਵਾਲੀਆ ਪਿੰਡ ਦੀ ਸ਼ਾਮਲਾਤ ਜ਼ਮੀਨ ਦੇ ਠੇਕੇ ਦੇ ਬਕਾਇਆ ਪੈਸੇ ਨਹੀਂ ਦੇ ਰਹੇ ਹਨ, ਉੱਥੇ ਦੂਜੇ ਪਾਸੇ ਠੇਕੇਦਾਰ ਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲ ਕੋਈ ਬਕਾਇਆ ਨਹੀਂ ਰਹਿੰਦਾ ਹੈ। ਪਿੰਡ ਵਾਸੀ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਗਾ ਰਹੇ ਹਨ।

ਚੱਪੜਚਿੜੀ ਕਲਾਂ ਦੇ ਸਰਪੰਚ ਕੈਪਟਨ ਪਿਆਰਾ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਨੰਬਰਦਾਰ ਹਰਬੰਸ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾਂ (2006-07) ਵਿੱਚ ਅਵਤਾਰ ਸਿੰਘ ਵਾਲੀਆ ਨੂੰ ਪਟਿਆਲਾ ਕੀ ਰਾਓ ਨਦੀ ਦੇ ਕੰਢੇ ਲੁੱਕ ਪਲਾਂਟ ਚਲਾਉਣ ਲਈ ਸ਼ਾਮਲਾਤ ਜ਼ਮੀਨ ਠੇਕੇ ਉੱਤੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਾਲ 2016-17 ਤੱਕ ਵਾਲੀਆ ਜ਼ਮੀਨ ਦੇ ਠੇਕੇ ਦੇ ਪੈਸੇ ਦਿੰਦਾ ਰਿਹਾ ਪ੍ਰੰਤੂ ਬਾਅਦ ਵਿੱਚ ਨਾ ਤਾਂ ਉਸ ਨੇ ਸ਼ਾਮਲਾਤ ਜ਼ਮੀਨ ਦੇ ਠੇਕੇ ਦੇ ਪੈਸੇ ਦਿੱਤੇ ਅਤੇ ਨਾ ਹੀ ਜ਼ਮੀਨ ਦਾ ਕਬਜ਼ਾ ਛੱਡਿਆ। ਸਰਪੰਚ ਨੇ ਕਿਹਾ ਕਿ ਇਸ ਸਬੰਧੀ ਠੇਕੇਦਾਰ ਨਾਲ ਰਾਬਤਾ ਕਰਕੇ ਬਕਾਇਆ ਰਾਸ਼ੀ ਦੇਣ ਅਤੇ ਜ਼ਮੀਨ ਦਾ ਕਬਜ਼ਾ ਛੱਡਣ ਦੀ ਅਪੀਲ ਕੀਤੀ ਗਈ ਪ੍ਰੰਤੂ ਉਨ੍ਹਾਂ ਨੇ ਕੋਈ ਆਈ ਗਈ ਨਹੀਂ ਦਿੱਤੀ ਅਤੇ ਅੱਜ ਸਿੱਖਰ ਦੁਪਹਿਰੇ ਚੁੱਪ-ਚੁਪੀਤੇ ਤਿੰਨ ਟਰੈਕਟਰ-ਟਰਾਲੀਆਂ ਅਤੇ ਜੇਸੀਬੀ ਲੈ ਕੇ ਬੰਦ ਪਏ ਲੁੱਕ ਪਲਾਂਟ ’ਚੋਂ ਬਜਰੀ ਚੁੱਕਣ ਪਹੁੰਚ ਗਏ। ਸੂਚਨਾ ਮਿਲਦੇ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚ ਗਏ ਅਤੇ ਬਜਰੀ ਨਾਲ ਭਰੀਆਂ ਤਿੰਨੇ ਟਰਾਲੀਆਂ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਪਹਿਲਾਂ ਬਕਾਇਆ ਰਾਸ਼ੀ ਦੇਵੇ ਅਤੇ ਜ਼ਮੀਨ ਦਾ ਕਬਜ਼ਾ ਛੱਡੇ। ਇਸ ਤੋਂ ਬਾਅਦ ਹੀ ਬਜਰੀ ਚੁੱਕਣ ਦਿੱਤੀ ਜਾਵੇ। ਦੋਵਾਂ ਧਿਰਾਂ ਵਿੱਚ ਆਪਸੀ ਸਹਿਮਤੀ ਨਾ ਬਣਨ ਕਾਰਨ ਮਾਮਲਾ ਥਾਣੇ ਪਹੁੰਚ ਗਿਆ।
ਉਧਰ, ਦੂਜੇ ਪਾਸੇ ਠੇਕੇਦਾਰ ਅਵਤਾਰ ਸਿੰਘ ਵਾਲੀਆ ਨੇ ਆਪਣਾ ਪੱਖ ਰੱਖਦਿਆਂ ਪਿੰਡ ਵਾਸੀਆਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਵੱਲ ਜ਼ਮੀਨ ਦੇ ਠੇਕੇ ਸਬੰਧੀ ਕੋਈ ਦੇਣਦਾਰੀ ਨਹੀਂ ਹੈ। ਪਿੰਡ ਵਾਸੀ ਨਿਰ੍ਹਾ ਝੂਠ ਬੋਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਲੁੱਕ ਪਲਾਂਟ ਚੱਲਦਾ ਰਿਹਾ ਹੈ, ਉਦੋਂ ਤੱਕ (2016-17) ਜ਼ਮੀਨ ਦੇ ਠੇਕੇ ਦੇ ਸਾਰੇ ਪੈਸਿਆਂ ਦਾ ਭੁਗਤਾਨ ਕਰਕੇ ਜ਼ਮੀਨ ਠੇਕਾ ਰੱਦ ਕਰਨ ਲਈ ਪੰਚਾਇਤ ਨੂੰ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇੱਥੇ ਲੁੱਕ ਪਲਾਂਟ ਚੱਲਦਾ ਹੀ ਨਹੀਂ ਹੈ ਅਤੇ ਨਾ ਹੀ ਇਹ ਜ਼ਮੀਨ ਉਸ ਵੱਲੋਂ ਵਰਤੀ ਜਾ ਰਹੀ ਹੈ ਤਾਂ ਪੰਚਾਇਤ ਕਿਸ ਗੱਲ ਦੇ ਪੈਸੇ ਮੰਗ ਰਹੀ ਹੈ। ਉਲਟਾ ਉਨ੍ਹਾਂ ਨੇ ਪਿੰਡ ਵਾਸੀਆਂ ’ਤੇ ਉਸ ਦੀ ਬਜਰੀ ਚੁੱਕਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਲੁੱਕ ਪਲਾਂਟ ਚਲਦਾ ਸੀ ਉਦੋਂ ਉਸ ਨੇ ਸੜਕ ਵੀ ਬਣਾ ਕੇ ਦਿੱਤੀ ਸੀ ਪਰ ਹੁਣ ਪਿੰਡ ਵਾਸੀ ਸਾਰਾ ਕੁੱਝ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੱਖੋਂ ਜਾਂਚ ਕਰਵਾਉਣ ਅਤੇ ਅਦਾਲਤ ਜਾਣ ਲਈ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …