Nabaz-e-punjab.com

ਗਰੀਨ ਬੈਲਟ ਦੀ ਹੱਦਬੰਦੀ ਨੂੰ ਲੈ ਕੇ ਵਿਵਾਦ: ਮੁਹਾਲੀ ਤੇ ਚੰਡੀਗੜ੍ਹੀਏ ਆਹਮੋ ਸਾਹਮਣੇ

ਮੁਹਾਲੀ ਵਾਲੇ ਕਹਿੰਦੇ ਪਾਰਕ ਸਾਡਾ, ਚੰਡੀਗੜ੍ਹੀਏ ਵੀ ਜਤਾ ਰਹੇ ਨੇ ਆਪਣਾ ਹੱਕ, ਕੰਮ ਰੋਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 18 ਫਰਵਰੀ:
ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਮੁਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਗਰੀਨ ਬੈਲਟ ਦੀ ਹੱਦਬੰਦੀ ਨੂੰ ਲੈ ਕੇ ਮੁਹਾਲੀ ਅਤੇ ਚੰਡੀਗੜ੍ਹ ਦੇ ਕੌਂਸਲਰ ਅਤੇ ਆਮ ਲੋਕ ਆਹਮੋ ਸਾਹਮਣੇ ਆ ਗਏ ਹਨ। ਇਸ ਸਬੰਧੀ ਸੈਕਟਰ-63 ਦੀ ਕੌਂਸਲਰ ਹੀਰਾ ਨੇਗੀ ਅਤੇ ਆਮ ਲੋਕ ਉਕਤ ਗਰੀਨ ਬੈਲਟ ਨੂੰ ਯੂਟੀ ਪ੍ਰਸ਼ਾਸਨ ਦੀ ਮਲਕੀਅਤ ਦੱਸ ਰਹੇ ਹਨ, ਦੂਜੇ ਪਾਸੇ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਅਤੇ ਸਥਾਨਕ ਵਸਨੀਕ ਇਸ ਪਾਰਕ ਨੂੰ ਆਪਣੀ ਮਲਕੀਅਤ ਦੱਸ ਰਹੇ ਹਨ। ਹਾਲਾਂਕਿ ਇਸ ਸਬੰਧੀ ਬੀਤੇ ਦਿਨੀਂ ਮੁਹਾਲੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਵੀ ਹੋਈ ਹੈ ਪ੍ਰੰਤੂ ਮੀਟਿੰਗ ਵਿੱਚ ਇਸ ਮਸਲੇ ਦਾ ਢੁਕਵਾਂ ਹੱਲ ਨਹੀਂ ਨਿਕਲ ਸਕਿਆ। ਦਰਅਸਲ ਸਹੀ ਤਰੀਕੇ ਨਾਲ ਨਿਸ਼ਾਨਦੇਹੀ ਨਾ ਹੋਣ ਕਾਰਨ ਦੋਵੇਂ ਧਿਰਾਂ ਆਪਣਾ ਹੱਕ ਜਤਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਇਸ ਸਬੰਧੀ ਮਾਮੂਲੀ ਤਕਰਾਰਬਾਜ਼ੀ ਹੁੰਦੀ ਰਹੀ ਹੈ।
ਇਸ ਸਬੰਧੀ ਚੰਡੀਗੜ੍ਹ ਦੀ ਕੌਂਸਲਰ ਹੀਰਾ ਨੇਗੀ ਅਤੇ ਹਾਊਸਿੰਗ ਬੋਰਡ ਦੇ ਫਲੈਟਾਂ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ-63 ਦੇ ਜਨਰਲ ਸਕੱਤਰ ਜ਼ੋਰਾਵਰ ਸਿੰਘ ਅਤੇ ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਕਤ ਗਰੀਨ ਬੈਲਟ ਯੂਟੀ ਦੇ ਹਿੱਸੇ ਆਉਂਦੀ ਹੈ, ਪ੍ਰੰਤੂ ਮੁਹਾਲੀ ਪ੍ਰਸ਼ਾਸਨ ਨੇ ਗਰੀਨ ਬੈਲਟ ਨਾਲ ਛੇੜਛਾੜ ਕਰਕੇ ਹਰਾ ਘਾਹ ਪੁੱਟ ਦਿੱਤਾ ਹੈ ਜਦੋਂਕਿ ਨਕਸ਼ੇ ਦੇ ਮੁਤਾਬਕ ਇਹ ਥਾਂ ਯੂਟੀ ਦੀ ਹੈ।
ਉਧਰ, ਫੇਜ਼-9 ਤੋਂ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਗਰੀਨ ਬੈਲਟ ਮੁਹਾਲੀ ਦੀ ਜ਼ਮੀਨ ਵਿੱਚ ਬਣੀ ਹੋਈ ਹੈ ਅਤੇ ਹੁਣ ਤੱਕ ਮੁਹਾਲੀ ਨਗਰ ਨਿਗਮ ਵਿਕਾਸ ਕੰਮਾਂ ’ਤੇ ਕਾਫ਼ੀ ਪੈਸਾ ਖ਼ਰਚ ਚੁੱਕੀ ਹੈ। ਉਨ੍ਹਾਂ ਨੇ ਹੀ ਇਸ ਥਾਂ ਵਿੱਚ ਸਟਰੀਟ ਲਾਈਟਾਂ ਲਗਾਈਆਂ ਹਨ ਅਤੇ ਹੁਣ ਫਿਰ ਵੀ ਲੋਕਾਂ ਦੀ ਸਹੂਲਤ ਲਈ ਪਾਰਕ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦਾ ਬੀੜਾ ਚੁੱਕਿਆ ਸੀ ਪਰ ਗੁਆਂਢੀ ਸ਼ਹਿਰ ਦੇ ਲੋਕਾਂ ਨੇ ਕੰਮ ਰੁਕਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਸਲਾ ਗਰੀਨ ਬੈਲਟ ਦੀ ਮਲਕੀਅਤ ਨਹੀਂ ਹੈ ਬਲਕਿ ਇਸ ਨੂੰ ਵਧੀਆ ਤਰੀਕੇ ਨਾਲ ਵਿਕਸਤ ਕਰਨ ਦਾ ਹੈ। ਚੰਡੀਗੜ੍ਹ ਵਾਲੇ ਬਿਨਾਂ ਵਜ੍ਹਾ ਮਾਮਲੇ ਨੂੰ ਤੱੁਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਭਾਰਤ-ਪਾਕਿਸਤਾਨ ਦਾ ਬਾਰਡਰ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਰਾਹੀਂ ਮਸਲਾ ਕਰਨ ਲਈ ਤਿਆਰ ਹਨ।
ਸ੍ਰੀ ਰੂਬੀ ਨੇ ਕਿਹਾ ਕਿ ਸਾਲ 2012 ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਬਣਿਆ ਸੀ ਹੁਣ ਅੱਠ ਸਾਲ ਬਾਅਦ ਜ਼ਮੀਨ ਦੀ ਮਲਕੀਅਤ ਯਾਦ ਆ ਗਈ। ਦੂਜੇ ਬੰਨ੍ਹੇ ਚੰਡੀਗੜ੍ਹ ਵਾਲਿਆਂ ਦਾ ਕਹਿਣਾ ਹੈ ਕਿ ਜੇ ਏਡੀ ਗੱਲ ਨਹੀਂ ਸੀ ਜਾਂ ਇਹ ਜ਼ਮੀਨ ਮੁਹਾਲੀ ਦੀ ਮਲਕੀਅਤ ਸੀ ਤਾਂ ਫਿਰ ਨਗਰ ਨਿਗਮ ਨੇ ਆਪਣਾ ਕੰਮ ਬੰਦ ਕਿਉਂ ਕੀਤਾ ਗਿਆ ਹੈ। ਸ੍ਰੀ ਰੂਬੀ ਨੇ ਕਿਹਾ ਕਿ ਕੰਮ ਇਸ ਕਰਕੇ ਬੰਦ ਕੀਤਾ ਗਿਆ ਤਾਂ ਜੋ ਗਰੀਨ ਬੈਲਟ ਨੂੰ ਲੈ ਕੇ ਅਮਨ ਸ਼ਾਂਤੀ ਭੰਗ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹਾਲੀ ਨਿਗਮ ਦੇ ਅਧਿਕਾਰੀ ਵੱਲੋਂ ਗਮਾਡਾ ਨਾਲ ਤਾਲਮੇਲ ਕਰਕੇ ਨਕਸ਼ਾ ਹਾਸਲ ਕੀਤਾ ਗਿਆ ਹੈ। ਗਮਾਡਾ ਦੇ ਨਕਸ਼ੇ ਮੁਤਾਬਕ ਜ਼ਮੀਨ ਮੁਹਾਲੀ ਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…