ਪੰਜਾਬ ਦੇ ਸਕੂਲਾਂ ਵਿੱਚ ਵਿਵਾਦਿਤ ਕਿਤਾਬ ਪੜ੍ਹਾਉਣ ਦਾ ਮਾਮਲਾ ਭਖਿਆ, ਸੂਬਾ ਪੱਧਰੀ ਮਹਾ ਰੈਲੀ 28 ਨੂੰ

ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 22ਵੇਂ ਦਿਨ ’ਚ ਦਾਖ਼ਲ, ਮਹਾ ਰੈਲੀ ਨੂੰ ਸਫਲ ਬਣਾਉਣ ਲਈ ਲਾਮਬੰਦੀ ਜਾਰੀ

ਵਿਵਾਦਿਤ ਕਿਤਾਬ ਬਾਰੇ ਜਾਂਚ ਵਿੱਚ ਦੋਸ਼ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਪ੍ਰਗਟ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 22ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਭਲਕੇ ਸੋਮਵਾਰ ਨੂੰ ਸੂਬਾ ਪੱਧਰੀ ਮਹਾ ਰੈਲੀ ਕੀਤੀ ਜਾ ਰਹੀ ਹੈ।
ਜਥੇਦਾਰ ਸਿਰਸਾ ਨੇ ਅੱਜ ਧਰਨਾ ਕੈਂਪਸ ਵਿਖੇ ਸਿੱਖਿਆ ਬੋਰਡ ਦੇ ਸਾਬਕਾ ਸਕੱਤਰ ਪ੍ਰੋ. ਹਰਲਾਲ ਸਿੰਘ, ਜਥੇਦਾਰ ਸੰਤੋਖ ਸਿੰਘ, ਗੁਰਨਾਮ ਸਿੰਘ ਸਿੱਧੂ, ਮਿਲਖਾ ਸਿੰਘ, ਗੁਰਲਾਲ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਪੰਜੋਲਾ, ਸਤਬੀਰ ਸਿੰਘ ਮੱਕੜ, ਨਸੀਬ ਸਿੰਘ ਸਾਂਗਣਾ, ਮਨਿੰਦਰ ਸਿੰਘ, ਗੁਰਚਰਨ ਸਿੰਘ ਸਮੇਤ ਵੱਖ-ਵੱਖ ਨਿਹੰਗ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ 28 ਫਰਵਰੀ ਨੂੰ ਕੀਤੀ ਜਾ ਰਹੀ ਮਹਾ ਰੈਲੀ ਨੂੰ ਸਫਲ ਬਣਾਉਣ ਲਈ ਚਰਚਾ ਕਰਦਿਆਂ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਇੱਕਜੱੁਟ ਹੋਣ ਦੀ ਅਪੀਲ ਕੀਤੀ।
ਉਧਰ, ਪੰਜਾਬ ਦੇ ਇਤਿਹਾਸ ਬਾਰੇ ਪ੍ਰਕਾਸ਼ਿਤ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ 5 ਮਾਰਚ ਤੱਕ ਆ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਗੈਰ ਜ਼ਿੰਮੇਵਾਰ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਫ਼ ਆਖਿਆ ਕਿ ਸਿੱਖ ਇਤਿਹਾਸ ਨਾਲ ਕਿਸੇ ਵੀ ਤਰ੍ਹਾਂ ਦੇ ਤੱਥਾਂ ਨਾਲ ਛੇੜਛਾੜ ਜਾਂ ਤੋੜ ਮਰੋੜ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਤੋਂ ਬਾਅਦ ਜਥੇਦਾਰ ਸਿਰਸਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਮਸਲੇ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਸਰਕਾਰ, ਸਕੂਲ ਬੋਰਡ ਅਤੇ ਪੁਲੀਸ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਤੋਂ ਪਹਿਲਾਂ ਡਾ. ਪਿਆਰਾ ਲਾਲ ਗਰਗ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਲੱਖਾ ਸਿਧਾਣਾ ਵੱਲੋਂ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਿਸਾਨ ਯੂਨੀਅਨ ਟਿਕੈਤ ਅਤੇ ਚੜੂਨੀ ਗਰੁੱਪ ਨੇ ਵੀ ਇਸ ਗੰਭੀਰ ਮੁੱਦੇ ’ਤੇ ਨਾਲ ਖੜ੍ਹਨ ਦੀ ਹਾਮੀ ਭਰੀ ਹੈ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…