ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿਵਾਦਿਤ ਕਿਤਾਬ ਪੜ੍ਹਾਉਣ ਦਾ ਮਾਮਲਾ ਭਖਿਆ

ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨਾ 19ਵੇਂ ਦਿਨ ’ਚ ਦਾਖ਼ਲ, ਲੱਖਾ ਸਿਧਾਣਾ ਨੇ ਵੀ ਕੀਤੀ ਹਮਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਸਮੇਤ ਸਿੱਖ ਜਥੇਬੰਦੀਆਂ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਨੇ ਸਿੱਖਿਆ ਬੋਰਡ ਦੇ ਦੋਵੇਂ ਗੇਟ ਬੰਦ ਕਰਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਉਧਰ, ਲੜੀਵਾਰ ਧਰਨਾ ਅੱਜ 19ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ 28 ਫਰਵਰੀ ਨੂੰ ਵਿਸ਼ਾਲ ਮਹਾ ਰੈਲੀ ਕਰਨ ਦਾ ਐਲਾਨ ਕਰਕੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਸ਼ਾਮ ਨੂੰ ਲੱਖਾ ਸਿੰਘ ਸਿਧਾਣਾ ਨੇ ਵੀ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਆਮ ਲੋਕਾਂ ਨੂੰ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਤੋਂ ਬਾਅਦ ਜਥੇਦਾਰ ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਲੋਕਾਂ ਦੇ ਕੰਮਾਂ ਵਿੱਚ ਰੁਕਾਵਟ ਪਾਉਣਾ ਨਹੀਂ ਹੈ, ਸਗੋਂ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਪ੍ਰਤੀ ਸੱਚ ਨੂੰ ਉਜਾਗਰ ਕਰਨ ਲਈ ਜਾਗਰੂਕ ਕਰਨਾ, ਸਰਕਾਰ ਅਤੇ ਅਧਿਕਾਰੀਆਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਟਰੇਲਰ ਮਾਤਰ ਹੀ ਸਿੱਖਿਆ ਅਦਾਰੇ ਦੇ ਗੇਟ ਬੰਦ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਮਸਲੇ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਗਲਤ ਸ਼ਬਦਾਵਲੀ ਵਾਲੀਆਂ ਕਿਤਾਬਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਸਿੱਖ ਇਤਿਹਾਸ ਨੂੰ ਸਾਜ਼ਿਸ਼ ਤਹਿਤ ਤੋੜ ਮਰੋੜ ਕੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਗੁਪਤ ਐਕਸ਼ਨ ਕੀਤੇ ਜਾਇਆ ਕਰਨਗੇ।

ਇਸ ਮੌਕੇ ਧਨਪ੍ਰੀਤ ਸਿੰਘ ਜਲੰਧਰ, ਹਰਪਿੰਦਰਜੀਤ ਮੁਹਾਲੀ, ਸੋਨੀਆ ਪ੍ਰਧਾਨ ਟਿਕੈਤ ਗਰੁੱਪ, ਬੀਬੀ ਹਰਵਿੰਦਰ ਕੌਰ, ਸੁਰਜੀਤ ਕੌਰ, ਮਨਜੀਤ ਕੌਰ ਦਿਆਲ ਕੌਰ ਸਮੂਹ ਇਸਤਰੀ ਸਤਿਸੰਗ, ਲੇਖਕ ਲਖਵਿੰਦਰ ਸਿੰਘ ਹਵੇਲੀਆਣਾ ਅੰਮ੍ਰਿਤਸਰ, ਗੁਰਨਾਮ ਸਿੰਘ ਕਰਨਾਲ, ਇੰਜੀਨੀਅਰ ਬਲਵਿੰਦਰ ਸਿੰਘ ਤਰਨਤਾਰਨ, ਸੇਵਾਮੁਕਤ ਐਕਸੀਅਨ ਸ਼ਵਿੰਦਰ ਸਿੰਘ ਲੱਖੋਵਾਲ, ਗੁਰਵਿੰਦਰ ਸਿੰਘ ਲੰਗਰ ਸੇਵਾ ਸੰਸਥਾ, ਬਲਵਿੰਦਰ ਸਿੰਘ ਫਰੀਦਕੋਟ, ਕਨਵਰ ਪਾਲ ਸਿੰਘ ਬਠਿੰਡਾ, ਅਮਰਜੀਤ ਸਿੰਘ ਲੁਧਿਆਣਾ, ਰਜਿੰਦਰ ਸਿੰਘ ਬਾਲੀ, ਮਨਦੀਪ ਕੌਰ ਪੰਨੂ, ਸੁਰਿੰਦਰ ਸਿੰਘ, ਜੁਗਪ੍ਰੀਤ ਸਿੰਘ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਬਾਪੂ ਲਾਭ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…