nabaz-e-punjab.com

ਆਈਸ਼ਰ ਇੰਸਟੀਚਿਊਟ ਦੇ ਕੁੱਕ ਦੀ ਭੇਤਭਰੀ ਹਾਲਤ ਵਿੱਚ ਮੌਤ

ਕਮਰੇ ’ਚੋਂ ਬਦਬੂ ਆਉਣ ’ਤੇ ਕੁੱਕ ਦੀ ਮੌਤ ਬਾਰੇ ਪਤਾ ਲੱਗਾ, ਪੁਲੀਸ ਅਨੁਸਾਰ 4-5 ਦਿਨ ਪੁਰਾਣੀ ਹੈ ਲਾਸ਼

ਪਟਿਆਲਾ ਦੀ ਥਾਂ ਮੁਹਾਲੀ ਵਿੱਚ ਪਰਿਵਾਰ ਦੇ 10 ਕੁ ਮੈਂਬਰਾਂ ਨੇ ਕੀਤਾ ਅੰਤਿਮ ਸਸਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਇੱਥੋਂ ਦੇ ਸੈਕਟਰ-81 ਸਥਿਤ ਆਈਸ਼ਰ ਇੰਸਟੀਚਿਊਟ ਦੀ ਮੈੱਸ ਦੇ ਕੁੱਕ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੀਸ਼ ਕੁਮਾਰ (58) ਵਾਸੀ ਪਟਿਆਲਾ ਵਜੋਂ ਹੋਈ ਹੈ। ਉਹ ਕਾਫੀ ਸਮੇਂ ਤੋਂ ਆਈਸ਼ਰ ਵਿੱਚ ਕੁੱਕ ਵਜੋਂ ਕੰਮ ਕਰਦਾ ਸੀ ਅਤੇ ਇੱਥੇ ਹੀ ਰਹਿੰਦਾ ਸੀ। ਉਸ ਨੂੰ ਹੋਸਟਲ ਵਿੱਚ ਕਮਰਾ ਅਲਾਟ ਕੀਤਾ ਹੋਇਆ ਸੀ। ਪੁਲੀਸ ਅਨੁਸਾਰ ਕੁੱਕ ਦੀ ਲਾਸ਼ ਚਾਰ ਦਿਨ ਪੁਰਾਣੀ ਜਾਪਦੀ ਹੈ। ਉਸ ਦੀ ਮੌਤ ਬਾਰੇ ਬੀਤੇ ਦਿਨੀਂ ਉਦੋਂ ਸਮੇਂ ਪਤਾ ਲੱਗਾ ਜਦੋਂ ਹੋਸਟਲ ਦੇ ਕਮਰੇ ’ਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਦੱਸਿਆ ਗਿਆ ਹੈ ਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਇੰਸਟੀਚਿਊਟ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਘਰ ਭੇਜ ਦਿੱਤਾ ਗਿਆ ਸੀ।
ਪੁਲੀਸ ਦੀ ਜਾਣਕਾਰੀ ਅਨੁਸਾਰ ਆਈਸ਼ਰ ਇੰਸਟੀਚਿਊਟ ਵਿੱਚ ਤਿੰਨ ਮੈੱਸ ਚੱਲਦੀਆਂ ਹਨ। ਕਰਫਿਊ ਕਾਰਨ ਦੋ ਮੈੱਸਾਂ ਬੰਦ ਸਨ ਅਤੇ ਜ਼ਿਆਦਾਤਰ ਵਿਦਿਆਰਥੀ ਅਤੇ ਸਟਾਫ਼ ਵੀ ਆਪੋ ਆਪਣੇ ਘਰਾਂ ਨੂੰ ਚਲਾ ਗਿਆ ਸੀ ਪ੍ਰੰਤੂ ਇਕ ਮੈੱਸ ਚੱਲਦੀ ਸੀ ਅਤੇ ਕੁੱਕ ਜਗਦੀਸ਼ ਕੁਮਾਰ ਨੇ ਵੀ ਆਪਣੇ ਘਰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਇੱਥੇ ਹੋਸਟਲ ਵਿੱਚ ਹੀ ਰਹਿ ਰਿਹਾ ਸੀ। ਬੀਤੇ ਦਿਨੀਂ ਕਿਸੇ ਕਰਮਚਾਰੀ ਨੇ ਦੇਖਿਆ ਕਿ ਹੋਸਟਲ ਦੇ ਜਿਸ ਕਮਰੇ ਵਿੱਚ ਕੁੱਕ ਰਹਿੰਦਾ ਸੀ। ਉਸ ’ਚੋਂ ਬਦਬੂ ਆ ਰਹੀ ਸੀ। ਸੂਚਨਾ ਮਿਲਦੇ ਹੀ ਸੋਹਾਣਾ ਪੁਲੀਸ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਅਨੁਸਾਰ ਸ਼ਾਇਦ ਕੋਈ ਸਫ਼ਾਈ ਕਰਮਚਾਰੀ ਹੋਸਟਲ ਦੀ ਸਫ਼ਾਈ ਲਈ ਆਖਿਆ ਸੀ। ਜਿਸ ਨੇ ਸਭ ਤੋਂ ਪਹਿਲਾਂ ਕੁੱਕ ਨੂੰ ਦੇਖਿਆ ਸੀ।
ਉਧਰ, ਪੁਲੀਸ ਨੇ ਮ੍ਰਿਤਕ ਕੁੱਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨੇ ਦੱਸਿਆ ਕਿ ਕੁੱਕ ਜਗਦੀਸ਼ ਕੁਮਾਰ ਦੀ ਬੀਤੀ 26 ਮਾਰਚ ਦੀ ਰਾਤ ਨੂੰ ਕਰੀਬ 10 ਕੁ ਵਜੇ ਉਸ ਦੇ ਬੇਟੇ ਅਤੇ ਭੈਣ ਨਾਲ ਫੋਨ ’ਤੇ ਗੱਲ ਹੋਈ ਸੀ। ਉਸ ਨੇ ਫੋਨ ’ਤੇ ਆਪਣੇ ਪਰਿਵਾਰ ਦੀ ਰਾਜ਼ੀ ਖ਼ੁਸ਼ੀ ਪੁੱਛੀ ਅਤੇ ਆਪਣੇ ਬਾਰੇ ਸਭ ਕੁਝ ਠੀਕ ਠਾਕ ਹੋਣ ਦੀ ਗੱਲ ਆਖੀ। ਇਸ ਤੋਂ ਬਾਅਦ ਨਾ ਕੁੱਕ ਨੇ ਅਤੇ ਨਾ ਹੀ ਉਸ ਦੇ ਘਰਦਿਆਂ ਨੇ ਇਕ ਦੂਜੇ ਨਾਲ ਸੰਪਰਕ ਕੀਤਾ।
ਪੁਲੀਸ ਅਨੁਸਾਰ ਲਾਸ਼ ਕਈ ਦਿਨ ਪੁਰਾਣੀ ਹੋਣ ਕਾਰਨ ਕਾਫੀ ਗਲ ਸੜ ਚੁੱਕੀ ਅਤੇ ਲਾਸ਼ ’ਚੋਂ ਕਾਫੀ ਬਦਬੂ ਆ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪਰਿਵਾਰ ਨੂੰ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਪਰਿਵਾਰ ਦੇ ਜੀਅ ਅਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਮੁਹਾਲੀ ਪਹੁੰਚ ਗਏ ਅਤੇ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਅਧੀਨ ਬਿਨਾਂ ਪੋਸਟ ਮਾਰਟਮ ਤੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲੀਸ ਅਨੁਸਾਰ ਕਰਫਿਊ ਦੇ ਚੱਲਦਿਆਂ ਕੁੱਕ ਦਾ ਅੰਤਿਮ ਸਸਕਾਰ ਵੀ ਪਰਿਵਾਰ ਦੇ 10 ਕੁ ਮੈਂਬਰਾਂ ਦੀ ਹਾਜ਼ਰੀ ਵਿੱਚ ਮੁਹਾਲੀ ਵਿੱਚ ਕੀਤਾ ਗਿਆ। ਕਿਉਂਕਿ ਲਾਸ਼ ਗਲ ਸੜ ਜਾਣ ਕਾਰਨ ਪਟਿਆਲਾ ਲਿਜਾਉਣੀ ਕਾਫੀ ਅੌਖੀ ਸੀ। ਜਿਸ ਕਾਰਨ ਪਰਿਵਾਰ ਵਾਲੇ ਇੱਥੇ ਹੀ ਸਸਕਾਰ ਲਈ ਰਾਜ਼ੀ ਹੋ ਗਏ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …