ਸਹਿਕਾਰੀ ਖੰਡ ਮਿੱਲਾਂ ਨੂੰ ਸ਼ੂਗਰ ਕੰਪਲੈਕਸਾਂ ਵਿੱਚ ਤਬਦੀਲ ਕੀਤਾ ਜਾਵੇਗਾ: ਡੀ.ਪੀ. ਰੈਡੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਫਰਵਰੀ:
ਸਹਿਕਾਰਤਾ ਵਿਭਾਗ ਵੱਲੋਂ ਪੰਜਾਬ ਦੀਆਂ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਸ਼ੂਗਰ ਕੰਪਲੈਕਸਾਂ ਵਿਚ ਤਬਦੀਲ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਥੇ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ, ਸ਼ਰਾਬ ਆਦਿ ਦਾ ਉਤਪਾਦਨ ਕਰਦੇ ਹੋਏ ਖੰਡ ਮਿਲ੍ਹਾਂ ਨੂੰ ਮੁਨਾਫੇ ਯੋਗ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਡੀ.ਪੀ.ਰੈਡੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਵੱਲੋਂ ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਅਤੇ ਆਧੂਨੀਕੀਕਰਨ ਸਬੰਧੀ ਸੁਝਾਅ ਦੇਣ ਲਈ ਗਠਿਤ ਮਾਹਿਰਾਂ ਦੀ ਕਮੇਟੀ ਦੀ ਅੱਜ ਯੂ.ਟੀ. ਗੈਸਟ ਹਾਊਸ, ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਦੇਸ਼ ਦੇ ਖੰਡ ਉਦਯੋਗ ਨਾਲ ਸਬੰਧਤ ਉੱਚ ਪੱਧਰੀ ਮਾਹਿਰਾਂ ਦੀ ਅੱਜ ਹੋਈ ਮੀਟਿੰਗ ਦੋਰਾਨ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਗੰਨੇ ਦੀ ਪੈਦਾਵਾਰ ਅਨੁਸਾਰ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ, ਸ਼ਰਾਬ ਆਦਿ ਦਾ ਉਤਪਾਦਨ ਕਰਨ ਲਈ ਖੰਡ ਕੰਪਲੈਕਸਾਂ ਵਿੱਚ ਤਬਦੀਲ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬ ਨਾਲੋਂ ਗੰਨੇ ਦੇ ਵੱਧ ਝਾੜ ਅਤੇ ਖੰਡ ਦੀ ਮਾਤਰਾ ਹੋਣ ਦੇ ਕਾਰਣਾਂ ਸਬੰਧੀ ਡਾ.ਬਖਸ਼ੀ ਰਾਮ, ਡਾਇਰੈਕਟਰ, ਗੰਨਾ ਖੋਜ਼ ਕੇਂਦਰ ਕੋਇਮਬਟੂਰ ਅਤੇ ਡਾ. ਕੇ.ਐਸ. ਥਿੰਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਚਾਰ ਪੇਸ਼ ਕੀਤੇ ਗਏ।
ਮੀਟਿੰਗ ਦੌਰਾਨ ਸ਼੍ਰੀ ਰੈਡੀ ਨੇ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਜਿਨ੍ਹਾਂ ਵਿੱਚ ਖੰਡ ਦੀ ਮਾਤਰਾ ਵਧੇਰੇ ਹੋਵੇ, ਉਪਲਭਦ ਕਰਵਾਉਣ ਲਈ ਖੇਤੀਬਾੜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕੇਨ ਕਮਿਸ਼ਨਰ ਪੰਜਾਬ ਅਤੇ ਸ਼ੂਗਰਫੈਡ, ਪੰਜਾਬ ਨੂੰ ਕੇਂਦਰੀ ਖੋਜ਼ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਗੰਨੇ ਦੇ ਵੱਧ ਝਾੜ ਅਤੇ ਖੰਡ ਦੀ ਵਧੇਰੇ ਮਾਤਰਾ ਵਾਲੀਆਂ ਕਿਸਮਾਂ ਗੰਨਾ ਕਾਸ਼ਤਕਾਰਾਂ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਵਿੱਤੀ ਹਾਲਤ ਸੁਧਾਰਨ ਵਿੱਚ ਮੱਦਦਗਾਰ ਸਾਬਤ ਹੋਣਗੀਆਂ।
ਅੱਜ ਇਸ ਉਚ ਪੱਧਰੀ ਮੀਟਿੰਗ ਵਿਚ ਹੋਏ ਵਿਚਾਰ ਵਟਾਂਦਰੇ ਦੌਰਾਨ ਸਹਿਕਾਰੀ ਖੰਡ ਮਿੱਲਾਂ ਨੂੰ ਸ਼ੂਗਰ ਕੰਪਲੈਕਸਾਂ ਵਿੱਚ ਤਬਦੀਲ ਕਰਨ ਲਈ ਅਪਣਾਈਆਂ ਜਾਣ ਵਾਲੀਆਂ ਤਕਨੀਕੀ ਵਿਧੀਆਂ ਬਾਰੇ ਵਿਚਾਰ ਦੌਰਾਨ ਇਨ੍ਹਾਂ ਤੇ ਆਉਣ ਵਾਲੀ ਲਾਗਤ ਸਬੰਧੀ ਵੀ ਵਿਚਾਰ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਦੇ ਅਧੁਨਿਕੀਕਰਨ ਲਈ ਵਿੱਤੀ ਸੰਸਧਾਨ ਮਹੱਈਆ ਕਰਵਾਉਣ ਲਈ ਅਗਲੀ ਮੀਟਿੰਗ 27-28 ਫਰਵਰੀ ਨੂੰ ਸੱਦੀ ਗਈ ਹੈ। ਜਾਵੇਗਾ।
ਇਸ ਮੀਟਿੰਗ ਵਿੱਚ ਖੰਡ ਉਦਯੋਗ ਨਾਲ ਸਬੰਧਤ ਦੇਸ਼ ਪੱਧਰੀ ਮਾਹਿਰਾਂ ਤੋਂ ਇਲਾਵਾ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ, ਵਿਸ਼ੇਸ਼ ਸਕੱਤਰ ਸਹਿਕਾਰਤਾ, ਪ੍ਰਬੰਧ ਨਿਰਦੇਸ਼ਕ, ਸ਼ੂਗਰਫੈਡ, ਪੰਜਾਬ, ਪ੍ਰਬੰਧ ਨਿਰਦੇਸ਼ਕ, ਪਨਕੋਫੈਡ ਪੰਜਾਬ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…