Nabaz-e-punjab.com

ਦੇਸ਼ ਭਰ ਵਿੱਚ ਤੰਬਾਕੂ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਜ਼ਰੂਰੀ

ਸੂਬਾ ਪੱਧਰੀ ਕਾਨਫਰੰਸ ਵਿੱਚ ਤਿੰਨ ਰਾਜਾਂ ਦੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਤੰਬਾਕੂ ਵਿਰੁੱਧ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਭਵਿੱਖ ਵਿੱਚ ਤੰਬਾਕੂ ਦੇ ਸੇਵਨ ਨਾਲ ਚੁਣੌਤੀਆਂ ਅਤੇ ਖ਼ਤਰਿਆਂ ਦੇ ਵਿਸ਼ੇ ’ਤੇ ਰਾਜ ਪੱਧਰੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਯੂਟੀ ਦੇ ਸਿਹਤ ਵਿਭਾਗ ਸਮੇਤ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦਾ ਉਦਘਾਟਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਮਨਦੀਪ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਰੋਕਥਾਮ ਲਈ ਕੋਟਪਾ ਐਕਟ 2003 ਹੋਂਦ ਵਿੱਚ ਆਇਆ ਸੀ ਪ੍ਰੰਤੂ ਹਾਲੇ ਤੱਕ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਖ਼ਤੀ ਨਾਲ ਲਾਗੂ ਹੋਣ ਨਾਲ ਤੰਬਾਕੂ ਦੀ ਵਿਕਰੀ ਅਤੇ ਤੰਬਾਕੂਨੋਸ਼ੀ ਦੇ ਮਾਮਲਿਆਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਵੇਗੀ।
ਇਸ ਤੋਂ ਪਹਿਲਾਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਉਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਤੰਬਾਕੂ ਦੁਨੀਆ ਵਿੱਚ ਇਕ ਮਾਤਰ ਅਜਿਹਾ ਉਤਪਾਦ ਹੈ, ਜੋ ਆਪਣੇ ਹੀ ਅੱਧੇ ਤੋਂ ਵੱਧ ਗਾਹਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ ਪ੍ਰੰਤੂ ਹੁਣ ਤੰਬਾਕੂ ਕੰਪਨੀਆਂ ਨੇ ਨਵੇਂ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਨਵੇਂ ਨਵੇਂ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਤੰਬਾਕੂ ਦੇ ਨਵੇਂ ਗਾਹਕ ਬਣਨ ਤੋਂ ਰੋਕਣ ਲਈ ਨੌਜਵਾਨਾਂ ਅਤੇ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਰੋਕਥਾਮ ਲਈ ਸਿਰਫ਼ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਸਾਰੇ ਵਿਭਾਗਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਆਪਸੀ ਤਾਲਮੇਲ ਨਾਲ ਤੰਬਾਕੂ ਦੀ ਵਿਕਰੀ ਅਤੇ ਸੇਵਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਹਰਿਆਣਾ ਦੇ ਡਰੱਗ ਕੰਟਰੋਲਰ ਨਰਿੰਦਰ ਅਹੂਜਾ ਨੇ ਕਿਹਾ ਕਿ ਈ-ਸਿਗਰਟ ਵਿੱਚ ਪ੍ਰਯੋਗ ਹੋਣ ਵਾਲੀ ਨਿਕੋਟੀਨ ਵੀ ਮਨੁੱਖੀ ਸਿਹਤ ਲਈ ਉੱਨੀ ਹੀ ਖ਼ਤਰਨਾਕ ਹੈ, ਜਿੰਨੀ ਕੀ ਕੋਈ ਆਮ ਸਿਗਰਟ। ਇਸ ਲਈ ਸਰਕਾਰ ਵੱਲੋਂ ਇਸ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਿਹਤ ਵਿਭਾਗ ਹਰਿਆਣਾ ਵੱਲੋਂ ਪੰਚਕੂਲਾ ਵਿੱਚ ਈ-ਸਿਗਰਟ ਵੇਚਣ ਵਾਲੇ ਇਕ ਥੋਕ ਵਪਾਰੀ ਤੋਂ 50 ਈ-ਸਿਗਰਟ ਜ਼ਬਤ ਕੀਤੀਆਂ ਗਈਆਂ ਹਨ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਫੂਡ ਸੇਫ਼ਟੀ ਅਫ਼ਸਰ ਚੰਡੀਗੜ੍ਹ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ 2500 ਤੋਂ 3000 ਲੋਕਾਂ ਦੀ ਮੌਤ ਤੰਬਾਕੂ ਦਾ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੁੰਦੀ ਹੈ। ਲੇਕਿਨ ਇਸ ਦੇ ਉਲਟ ਦੁੱਗਣੀ ਗਿਣਤੀ ਵਿੱਚ ਲੋਕ ਰੋਜ਼ਾਨਾ ਤੰਬਾਕੂ ਦਾ ਸੇਵਨ ਕਰਨ ਦੀ ਸ਼ੁਰੂਆਤ ਕਰਦੇ ਹਨ। ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਤੰਬਾਕੂ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਜਾਣ।
ਇਸ ਮੌਕੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਪੰਜਾਬ ਦੀ ਸਟੇਟ ਨੋਡਲ ਅਧਿਕਾਰੀ ਡਾ. ਨਿਰਲੇਪ ਕੌਰ ਅਤੇ ਹਰਿਆਣਾ ਦੇ ਸਟੇਟ ਨੋਡਲ ਅਫ਼ਸਰ ਡਾ. ਯਸ਼ਪਾਲ ਮੋਮੀਆ ਨੇ ਪੰਜਾਬ ਅਤੇ ਹਰਿਆਣਾ ਵਿੱਚ ਤੰਬਾਕੂ ਕੰਟਰੋਲ ਨੂੰ ਲੈ ਕੇ ਕੀਤੇ ਜਾ ਰਹੇ ਕਾਰਜਾਂ ਅਤੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਚੀਫ਼ ਕੈਮੀਕਲ ਐਗਜ਼ਾਮੀਨਰ ਪੰਜਾਬ ਡਾ. ਰਾਕੇਸ਼ ਗੁਪਤਾ, ਪੀਜੀਆਈ ਦੀ ਡਾ. ਗਰੀਮਾ ਭੱਟ, ਡਾ. ਆਸਥਾ ਬੱਗਾ, ਰਮਨ ਸ਼ਰਮਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਸੰਸਥਾ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…