ਕਰੋਨਾ ਸੰਕਟ: ਈਐਸਆਈ ਹਸਪਤਾਲ ਵਿੱਚ ਮਰੀਜ਼ ਖੱਜਲ-ਖੁਆਰ, ਪਾਣੀ ਦੀ ਮੋਟਰ ਵੀ ਖ਼ਰਾਬ

ਈਐਸਆਈ ਹਸਪਤਾਲ ਵਿੱਚ ਆਪਣੀ ਕੋਈ ਐਂਬੂਲੈਂਸ ਨਹੀਂ, ਫੋਨ ’ਤੇ ਮੰਗਵਾਈ ਜਾਂਦੀ ਹੈ ‘108’ ਨੰਬਰ ਐਂਬੂਲੈਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਕਾਰਨ ਜਿੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਸਥਾਨਕ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਿਛਲੇ ਦਿਨੀਂ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਬੰਦ ਕਰਕੇ ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐਸਆਈ ਜ਼ੋਨਲ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ ਲੇਕਿਨ ਈਐਸਆਈ ਹਸਪਤਾਲ ਵਿੱਚ ਲੋੜੀਂਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਲਾਜ ਲਈ ਆਉਂਦੇ ਲੋਕ ਕਾਫੀ ਅੌਖੇ ਹਨ। ਸਟਾਫ਼ ਅਤੇ ਮਰੀਜ਼ਾਂ ਨੂੰ ਪਾਣੀ ਦੀ ਬੋਤਲ ਵੀ ਆਪਣੇ ਘਰ ਤੋਂ ਲਿਆਉਣੀ ਪੈਂਦੀ ਹੈ।
ਐਰੋਸਿਟੀ ਦੀ ਵਸਨੀਕ ਪੂਜਾ ਸਿੰਘ (22) ਨੇ ਦੱਸਿਆ ਕਿ ਉਹ ਹਫ਼ਤੇ ਤੋਂ ਈਐਸਆਈ ਹਸਪਤਾਲ ਵਿੱਚ ਦਾਖ਼ਲ ਹੈ। ਹਾਦਸੇ ਵਿੱਚ ਉਸ ਦੇ ਗਿੱਟੇ ਦੀ ਹੱਡੀ ਟੁੱਟੀ ਗਈ ਹੈ। ਉਸ ਨੂੰ ਟੈੱਸਟਾਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਬਾਥਰੂਮ ਵੀ ਬਹੁਤ ਗੰਦੇ ਹਨ, ਜੋ ਵਰਤੋਂ ਯੋਗ ਨਹੀਂ ਹਨ। ਉਸ ਦੀ ਦੇਖਭਾਲ ਕਰ ਰਹੇ ਕ੍ਰਿਸ਼ਨਾ ਨੇ ਦੱਸਿਆ ਕਿ ਕਦੇ ਟੈੱਸਟ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਜਾਣਾ ਪੈਂਦਾ ਹੈ ਅਤੇ ਕਦੇ ਬਾਹਰ। ਵੀਲਚੇਅਰ ਦੇ ਫੁੱਟ ਰੈਸਟ ਵੀ ਟੁੱਟੇ ਹੋਏ ਹਨ। ਜਿਸ ਕਾਰਨ ਮਰੀਜ਼ ਨੂੰ ਆਪਣੇ ਪੈਰ ਲਮਕਾ ਕੇ ਰੱਖਣੇ ਪੈਂਦੇ ਹਨ। ਵੈਸੇ ਵੀ ਡਾਕਟਰਾਂ ਅਤੇ ਸਟਾਫ਼ ਵਿੱਚ ਆਪਸੀ ਤਾਲਮੇਲ ਦੀ ਘਾਟ ਹੈ।
ਉਧਰ, ਮਾਈਨਰ ਓਟੀ ਦੇ ਬਾਹਰ ਬੈਠੇ ਜ਼ਖ਼ਮੀ ਨੌਜਵਾਨ ਇਸ਼ਾਨ ਨੇ ਦੱਸਿਆ ਕਿ ਉਹ ਸੰਨ੍ਹੀ ਇਨਕਲੇਵ ਤੋਂ ਇਲਾਜ ਲਈ ਆਇਆ ਹੈ। ਲੰਘੀ ਰਾਤ ਉਸ ਦਾ ਮੋਟਰ ਸਾਈਕਲ ਸਲਿੱਪ ਕਰ ਜਾਣ ਕਰਕੇ ਉਹ ਜ਼ਖ਼ਮੀ ਹੋ ਗਿਆ ਸੀ। ਜਦੋਂ ਉਹ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਗਿਆ ਤਾਂ ਸਟਾਫ਼ ਨੇ ਉਸ ਨੂੰ ਈਐਸਆਈ ਹਸਪਤਾਲ ਵਿੱਚ ਭੇਜ ਦਿੱਤਾ। ਸਵੇਰੇ 9 ਵਜੇ ਇੱਥੇ ਆਉਣ ’ਤੇ ਸਟਾਫ਼ ਵੱਲੋਂ ਦੱਸਿਆ ਗਿਆ ਕਿ ਪਾਣੀ ਨਹੀਂ ਆ ਰਿਹਾ ਹੈ। ਜਿਸ ਕਾਰਨ ਉਸ ਨੂੰ ਗੁੱਟ ’ਤੇ ਪਲਸਤਰ ਲਗਾਉਣ ਲਈ 11:30 ਵਜੇ ਤੱਕ ਪਾਣੀ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ। ਇੰਜ ਹੀ ਇਕ ਲੇਡੀ ਡਾਕਟਰ ਦੇ ਕਮਰੇ ਦੇ ਬਾਹਰ ਬੈਠੀ ਕੁਸਮ ਦੇਵੀ ਨੇ ਦੱਸਿਆ ਕਿ ਉਹ ਅੌਰਤ ਰੋਗਾਂ ਦੇ ਇਲਾਜ ਲਈ ਸਵੇਰੇ 10 ਵਜੇ ਈਐਸਆਈ ਹਸਪਤਾਲ ਪਹੁੰਚ ਗਈ ਸੀ ਲੇਕਿਨ ਸਟਾਫ਼ ਨੇ ਦੱਸਿਆ ਕਿ ਅੌਰਤ ਰੋਗਾਂ ਦੀ ਮਾਹਰ ਡਾਕਟਰ ਸਾਢੇ 11 ਵਜੇ ਤੋਂ ਬਾਅਦ ਆਉਣਗੇ।
(ਬਾਕਸ ਆਈਟਮ)
ਇਸ ਸਬੰਧੀ ਸੰਪਰਕ ਕਰਨ ’ਤੇ ਐਸਐਮਓ ਡਾ. ਮਨਜੀਤ ਕੌਰ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਇਲਾਜ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਹਨ। ਪਾਣੀ ਦੀ ਮੋਟਰ ਅਚਾਨਕ ਖ਼ਰਾਬ ਹੋਣ ਕਾਰਨ ਥੋੜੀ ਦਿੱਕਤ ਆ ਰਹੀ ਹੈ ਪ੍ਰੰਤੂ ਕਰਮਚਾਰੀ ਮੋਟਰ ਠੀਕ ਕਰਨ ਵਿੱਚ ਲੱਗੇ ਹੋਏ ਹਨ। ਟੈੱਸਟ ਕਰਵਾਉਣ ਵਿੱਚ ਆ ਰਹੀਆਂ ਬਾਰੇ ਉਨ੍ਹਾਂ ਦੱਸਿਆ ਕਿ ਈਐਸਆਈ ਵਿੱਚ ਵੀ ਕੁੱਝ ਟੈੱਸਟ ਕੀਤੇ ਜਾਂਦੇ ਹਨ ਅਤੇ ਕਈ ਨਮੂਨੇ ਜਾਂਚ ਲਈ ਸਰਕਾਰੀ ਲੈਬਾਰਟੀ ਫੇਜ਼-6 ਵਿੱਚ ਭੇਜੇ ਜਾਂਦੇ ਹਨ, ਪ੍ਰੰਤੂ ਇਸ ਸਬੰਧੀ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਸੈਂਪਲਾਂ ਦੀ ਰਿਪੋਰਟ ਤੁਰੰਤ ਈਐਸਆਈ ਹਸਪਤਾਲ ਵਿੱਚ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਐਕਸਰੇਅ ਮਸ਼ੀਨ ਚਲਾਉਣ ਵਾਲੇ ਅਪਰੇਟਰ ਨੂੰ ਕਰੋਨਾ ਹੋਣ ਕਾਰਨ ਉਸ ਦੀ ਥਾਂ ਨਵੇਂ ਅਪਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅੱਜ ਦਰਜਨ ਮਰੀਜ਼ਾਂ ਦੇ ਐਕਸਰੇ ਕੀਤੇ ਗਏ ਹਨ। ਐਂਬੂਲੈਂਸ ਦੀ ਸਮੱਸਿਆ ਬਾਰੇ ਐਸਐਮਓ ਨੇ ਕਿਹਾ ਕਿ ਲੋੜ ਪੈਣ ’ਤੇ ‘108’ ਨੰਬਰ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ। ਮਰੀਜ਼ਾਂ ਦੀ ਸਹੂਲਤ ਲਈ ਸਰਕਾਰੀ ਹਸਪਤਾਲ ’ਚੋਂ 5 ਮਾਹਰ ਵੀ ਈਐਸਆਈ ਹਸਪਤਾਲ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋੜ ਪੈਣ ’ਤੇ ਮੈਡੀਕਲ ਅਫ਼ਸਰਾਂ ਨੂੰ ਸੱਦਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …