
ਕਰੋਨਾ ਮਹਾਮਾਰੀ ਦੀ ਨੌਜਵਾਨ ਵਰਗ ਤੇ ਪਈ ਸਭ ਤੋਂ ਵੱਡੀ ਮਾਰ: ਬੱਬੀ ਬਾਦਲ
ਕੇਂਦਰ ਅਤੇ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸੈਂਕੜੇ ਨੌਜਵਾਨ ਹੋਏ ਬੇਰੁਜ਼ਗਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਜਿੱਥੇ ਹਰ ਵਰਗ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਇਸ ਦੀ ਸਭ ਤੋਂ ਵੱਡੀ ਮਾਰ ਨੌਜਵਾਨਾਂ ਨੂੰ ਝੱਲਣੀ ਪੈ ਰਹੀ ਹੈ। ਲੋਕਡਾਊਨ ਅਤੇ ਕਰਫਿਊ ਕਾਰਨ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਜਿਸ ਕਾਰਨ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਕੇ ਸੜਕਾਂ ’ਤੇ ਆ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੋਂ ਦੇ ਫੇਜ਼-9 ਵਿੱਚ ਪ੍ਰਧਾਨ ਮਨੀ ਡੋਗਰਾ ਦੀ ਪ੍ਰਧਾਨਗੀ ਹੋਈ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਸਥਾਈ ਹੱਲ ਲਈ ਯੋਗ ਪੈਰਵਾਈ ਕਰਨ ਦਾ ਭਰੋਸਾ ਦਿੱਤਾ। ਨੌਜਵਾਨਾਂ ਨੇ ਅਕਾਲੀ ਆਗੂ ਨੂੰ ਦੱਸਿਆ ਕਿ ਅਜੋਕੇ ਸਮੇਂ ਵਿੱਚ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਕਿਉਂਕਿ ਪੜ੍ਹਾਈ ’ਤੇ ਲੱਖਾ ਰੁਪਏ ਖ਼ਰਚ ਕਰਕੇ ਵੀ ਉਹ ਵਿਹਲੇ ਘੁੰਮ ਰਹੇ ਹਨ।
ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਉੱਚ ਸਿੱਖਿਆ ਦੀਆਂ ਡਿਗਰੀ ਹਾਸਲ ਕਰਨ ਦੇ ਬਾਵਜੂਦ ਬੇਰੁਜ਼ਗਾਰ ਦੀ ਭੱਠੀ ਵਿੱਚ ਸੜ ਰਹੇ ਪ੍ਰੰਤੂ ਨੌਜਵਾਨਾਂ ਨੂੰ ਇਸ ਸੰਕਟ ’ਚੋਂ ਕੱਢਣ ਲਈ ਸਮੇਂ ਦੀਆਂ ਸਰਕਾਰਾਂ ਕੋਲ ਕੋਈ ਠੋਸ ਨੀਤੀ ਨਹੀਂ ਹੈ। ਜਿਸ ਕਾਰਨ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਨੌਜਵਾਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਸਿਰਫ਼ ਵੋਟ ਬੈਂਕ ਵਜੋਂ ਹੀ ਵਰਤ ਰਹੀਆਂ ਹਨ।
ਇਸ ਮੌਕੇ ਰਣਜੀਤ ਸਿੰਘ ਬਰਾੜ, ਨਵੀ ਸਿੱਧੂ, ਜਗਤਾਰ ਸਿੰਘ ਘੜੂੰਆਂ, ਰਮਨਦੀਪ ਸਿੰਘ ਪ੍ਰਧਾਨ ਫੇਜ਼-11, ਤਰਲੋਕ ਸਿੰਘ ਪ੍ਰਧਾਨ ਜਗਤਪੁਰਾ, ਹਰਜਿੰਦਰ ਸਿੰਘ ਬਿੱਲਾ ਪ੍ਰਧਾਨ ਫੇਜ਼-6, ਮੇਹਰਬਾਨ ਸਿੰਘ ਭੁੱਲਰ ਪ੍ਰਧਾਨ ਬਲੌਂਗੀ, ਦੀਪਕ ਕਨਵਰ, ਗੋਪੀ ਖਹਿਰਾ, ਦਮਨ, ਰਤਨ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ ਅਤੇ ਜਸਵੰਤ ਸਿੰਘ ਹਾਜ਼ਰ ਸਨ।