ਕਰੋਨਾ ਮਹਾਮਾਰੀ: ਪੰਜਾਬ ਪੁਲੀਸ ਦੇ ਵਲੰਟੀਅਰ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਪਿਛਲੇ ਦੋ ਸਾਲਾਂ ਤੋਂ ਪੁਲੀਸ ਵਲੰਟੀਅਰਾਂ ਨੂੰ ਨਾ ਤਨਖ਼ਾਹ ਮਿਲੀ, ਨਾ ਛੁੱਟੀ

ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਸ਼ੁਰੂ ਕੀਤਾ ਲੜੀਵਾਰ ਧਰਨਾ, ਗੁਪਤ ਐਕਸ਼ਨ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਪੰਜਾਬ ਸਰਕਾਰ ਵੱਲੋਂ 2 ਸਾਲਾਂ ਪਹਿਲਾਂ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਪੰਜਾਬ ਪੁਲੀਸ ਵਲੰਟੀਅਰਜ਼ ਵਜੋਂ ਭਰਤੀ ਕੀਤੇ ਨੌਜਵਾਨਾਂ ਨੂੰ ਤਨਖ਼ਾਹ ਦੇ ਰੂਪ ਵਿੱਚ ਇਕ ਧੇਲਾ ਵੀ ਨਹੀਂ ਮਿਲਿਆ ਹੈ। ਇਹ ਨੌਜਵਾਨ ਨੌਕਰੀ ਦੀ ਆਸ ਵਿੱਚ ਬਿਨਾਂ ਤਨਖ਼ਾਹ ਤੋਂ ਕੰਮ ਕਰਦੇ ਆ ਰਹੇ ਹਨ। ਇਨ੍ਹਾਂ 3600 ਨੌਜਵਾਨਾਂ ’ਚੋਂ 3220 ਵਲੰਟੀਅਰ ਸਰਕਾਰ ਦੀ ਬੇਰੁਖ਼ੀ ਕਾਰਨ ਨੌਕਰੀ ਛੱਡ ਕੇ ਜਾ ਚੁੱਕੇ ਹਨ ਜਦੋਂਕਿ 380 ਹਾਲੇ ਵੀ ਖੱਜਲ-ਖੁਆਰ ਹੋ ਰਹੇ ਹਨ। ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਹਰਮੀਤ ਕੌਰ ਬਾਜਵਾ ਨੇ ਆਪਣੀ ਜਥੇਬੰਦੀ ਵੱਲੋਂ ਪੰਜਾਬ ਪੁਲੀਸ ਦੇ ਇਨ੍ਹਾਂ ਪੀੜਤ ਵਲੰਟੀਅਰ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਮੁਹਾਲੀ ਪੈੱ੍ਰਸ ਕਲੱਬ ਵਿੱਚ ਪੈੱ੍ਰਸ ਕਾਨਫਰੰਸ ਦੌਰਾਨ ਵਲੰਟੀਅਰ ਜਗਮੀਤ ਸਿੰਘ ਮੁਕਤਸਰ, ਗੁਰਪ੍ਰੀਤ ਸਿੰਘ ਤਰਨਤਾਰਨ, ਬਚਿੱਤਰ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਫਾਜ਼ਿਲਕਾ ਅਤੇ ਹਰਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਮਾਰਚ 2019 ਵਿੱਚ ਜਦੋਂ ਕਰੋਨਾ ਮਹਾਮਾਰੀ ਦਾ ਪ੍ਰਕੋਪ ਸਿਖਰ ਉੱਤੇ ਸਹੀ ਤੱਦ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਵਿੱਚ ਬਤੌਰ ਵਲੰਟੀਅਰ ਭਰਤੀ ਕੀਤਾ ਗਿਆ ਸੀ, ਜਦੋਂ ਕਰੋਨਾ ਪੀੜਤ ਮਰੀਜ਼ਾਂ ਦੀਆਂ ਮਾਵਾਂ ਨੇ ਪੁੱਤ ਨਹੀਂ ਪਛਾਣੇ, ਪੁੱਤਾਂ ਨੇ ਮਾਪਿਆਂ ਨੂੰ ਲਾਵਾਰਿਸ ਛੱਡ ਦਿੱਤਾ ਸੀ ਤਾਂ ਉਸ ਵੇਲੇ ਕਰੋਨਾ ਪੀੜਤਾਂ ਦੀ ਉਨ੍ਹਾਂ ਨੇ ਸੇਵਾ ਕੀਤੀ ਹੈ। ਇਹੀ ਨਹੀਂ ਉਨ੍ਹਾਂ ਨੇ ਥਾਣਿਆਂ ਵਿੱਚ ਸਾਂਝ ਕੇਂਦਰਾਂ ਵਿੱਚ ਡਰਾਈਵਰ, ਬੈਂਕ ਡਿਊਟੀ, ਨਾਕਾ ਡਿਊਟੀ ਅਤੇ ਚਾਹ ਬਣਾਉਣ ਵਰਗੀਆਂ ਸੇਵਾਵਾਂ ਵੀ ਨਿਭਾਈਆਂ ਹਨ ਪ੍ਰੰਤੂ ਹੁਣ ਤੱਕ ਕਿਸੇ ਵਲੰਟੀਅਰ ਨੂੰ ਤਨਖ਼ਾਹ ਦੇ ਰੂਪ ਵਿੱਚ ਇਕ ਧੇਲਾ ਵੀ ਨਹੀਂ ਦਿੱਤਾ ਗਿਆ ਹੈ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਤੇ ਡੀਜੀਪੀ ਸਮੇਤ ਹੋਰ ਉੱਚ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਜਲਦੀ ਨੌਕਰੀ ਦੇਣ ਦੇ ਭਰੋਸੇ ਦਿੱਤੇ ਗਏ ਸਨ ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਨਿਰਾਸ਼ਾ ਵਿੱਚ ਡੁੱਬੇ ਇਨ੍ਹਾਂ ਫਰੰਟ ਲਾਈਨ ਯੋਧਿਆਂ ਨੂੰ ਸ਼ਾਇਦ ਸਿਆਸਤ ਦੀਆਂ ਤਿਕੜਮਬਾਜ਼ੀਆਂ ਦਾ ਪਤਾ ਨਹੀਂ ਸੀ ਜਿਸ ਦੇ ਭਰੋਸੇ ਉਹ ਆਪਣੀ ਜ਼ਿੰਦਗੀ ਮੌਤ ਦੇ ਮੂੰਹ ਵਿੱਚ ਦੇਣ ਲਈ ਰਾਜ਼ੀ ਹੋ ਗਏ ਅਤੇ ਹੁਣ ਜਦੋਂ ਕਰੋਨਾ ਨੂੰ ਠੱਲ੍ਹ ਪੈ ਗਈ ਤਾਂ ਸਰਕਾਰ ਅਤੇ ਹੁਕਮਰਾਨਾਂ ਨੇ ਆਪਣੀ ਪਿੱਠ ਤਾਂ ਜ਼ਰੂਰ ਥਾਪੜ ਲਈ ਪ੍ਰੰਤੂ ਵਲੰਟੀਅਰਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਅਣਗੌਲਿਆ ਕਰ ਦਿੱਤਾ। ਹੁਣ ਇਨ੍ਹਾਂ ਵਲੰਟੀਅਰਾਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਗਰਾਉਂਡ ਵਿੱਚ ਧਰਨਾ ਲਗਾ ਦਿੱਤਾ ਹੈ ਅਤੇ ਆਉਂਦੇ ਦਿਨਾਂ ਵਿੱਚ ਉਹ ਕੋਈ ਗੁਪਤ ਐਕਸ਼ਨ ਕਰਨ ਦੇ ਰੌਂਅ ਵਿੱਚ ਹਨ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…