
ਕਰੋਨਾ ਮਰੀਜ਼ਾਂ ਲਈ ਸਹਾਈ ਸਿੱਧ ਹੋ ਰਿਹਾ ਹੈ ਆਈਵੀਆਰ ਕਾਲਿੰਗ ਸਿਸਟਮ: ਡੀਸੀ
ਆਈਵੀਆਰ ਕਾਲਿੰਗ ਸਿਸਟਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਦੀ ਹੈ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ
ਮਰੀਜ਼ਾਂ ਨੂੰ ਫੋਨਕਾਲ ਦਾ ਜਵਾਬ ਦੇਣ ਤੇ ਆਪਣੀ ਸਿਹਤ ਬਾਰੇ ਸਥਿਤੀ ਅਪਡੇਟ ਕਰਨ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਘਰਾਂ ਵਿੱਚ ਇਕਾਂਤਵਾਸ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਸਥਿਤੀ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਇਨਟਰੈਕਟਿਵ ਵੁਆਇਸ ਰਿਸਪੌਂਸ (ਆਈਵੀਆਰ) ਕਾਲ ਪ੍ਰਣਾਲੀ ਰਾਹੀਂ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ਰੋਜ਼ਾਨਾ ਇੱਕ ਵਾਰ ਫੋਨਕਾਲ ਕੀਤੀਆਂ ਜਾਂਦੀਆਂ ਹਨ। ਜ਼ਿਲ੍ਹੇ ਵਿੱਚ 20 ਮਈ ਤੱਕ 6879 ਮਰੀਜ਼ ਇਕਾਂਤਵਾਸ ਸਨ। ਜਿਨ੍ਹਾਂ ਨਾਲ ਇਸ ਕਾਲ ਪ੍ਰਣਾਲੀ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਰਾਬਤਾ ਕਾਇਮ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਸਿਸਟਮ ਘਰਾਂ ਵਿੱਚ ਇਕਾਂਤਵਾਸ ਕੋਵਿਡ ਮਰੀਜ਼ਾਂ ਦੇ ਡੇਟਾ ਮੁਤਾਬਕ ਹਰੇਕ ਨੰਬਰ ਉੱਤੇ ਕਾਲ ਕਰਦਾ ਹੈ। ਇਸ ਤਹਿਤ ਮਰੀਜ਼ ਨੂੰ ਕੁੱਝ ਸਵਾਲ ਪੁੱਛੇ ਜਾਂਦੇ ਹਨ ਅਤੇ ਮਰੀਜ਼ ਆਪਣੀ ਸਥਿਤੀ ਨੂੰ ਆਪਣੇ ਦੁਆਰਾ ਕੀਤੇ ਮੁਲਾਂਕਣ ਅਨੁਸਾਰ ਅਪਡੇਟ ਕਰਦਾ ਹੈ।
ਮਰੀਜ਼ਾਂ ਦੇ ਜਵਾਬਾਂ ਦੇ ਅਧਾਰ ਉੱਤੇ ਇਹ ਸਿਸਟਮ ਉਨ੍ਹਾਂ ਮਰੀਜ਼ਾਂ ਬਾਰੇ ਫਲੈਗ ਕਰਦਾ ਜਾਂ ਵਿਸ਼ੇਸ਼ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੋਵੇ। ਇਸ ਉਪਰੰਤ ਡਾਕਟਰਾਂ ਵੱਲੋਂ ਉਸ ਮਰੀਜ਼ ਨੂੰ ਮੈਨੂਅਲ ਕਾਲ ਕੀਤੀ ਜਾਂਦੀ ਹੈ ਤੇ ਅਗਲੇਰਾ ਇਲਾਜ ਕੀਤਾ ਜਾਂਦਾ ਹੈ। ਆਈਵੀਆਰ ਕਾਲਾਂ ਦੁਆਰਾ ਤਿਆਰ ਕੀਤੀਆਂ ਪ੍ਰਣਾਲੀਆਂ ਬਹੁ-ਭਾਸ਼ਾਈ ਹਨ ਤਾਂ ਜੋ ਵਿਅਕਤੀ ਉਸ ਭਾਸ਼ਾ ਦੀ ਚੋਣ ਕਰ ਸਕੇ ਜਿਸ ਵਿੱਚ ਸੌਖਿਆਂ ਜਵਾਬ ਦੇ ਸਕੇ।
ਇਸ ਬਾਰੇ ਗੱਲਬਾਤ ਕਰਦਿਆਂ ਐਸਪੀ (ਦਿਹਾਤੀ)-ਕਮ-ਕੋਵਿਡ ਮਰੀਜ਼ ਟਰੈਕਿੰਗ ਅਫ਼ਸਰ (ਸੀਪੀਟੀਓ) ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਕਈ ਵਾਰ ਲੋਕ ਜਾਂ ਤਾਂ ਸਵੈ-ਚਲਿਤ ਕਾਲਾਂ ਦਾ ਜਵਾਬ ਨਹੀਂ ਦਿੰਦੇ ਜਾਂ ਉਚਿੱਤ ਜਵਾਬ ਦਿੱਤੇ ਬਿਨਾਂ ਉਨ੍ਹਾਂ ਨੂੰ ਡਿਸਕਨੈਕਟ ਕਰਦੇ ਹਨ। ਘਰਾਂ ਵਿੱਚ ਇਕਾਂਤਵਾਸ ਕੋਵਿਡ ਮਰੀਜ਼ਾਂ ਨੂੰ ਅਪੀਲ ਕਰਦੇ ਹੋਏ ਐਸਪੀ ਗਰੇਵਾਲ ਨੇ ਕਿਹਾ ਕਿ ਮਰੀਜ਼ਾਂ ਨੂੰ ਫੋਨਕਾਲ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਜਦੋਂ ਪੁੱਛਿਆ ਜਾਵੇ ਤਾਂ ਉਨ੍ਹਾਂ ਨੂੰ ਆਪਣੀ ਸਿਹਤ ਸਥਿਤੀ ਬਾਰੇ ਅਪਡੇਟ ਕਰਨਾ ਚਾਹੀਦਾ ਹੈ। ਤਾਲਮੇਲ ਅਤੇ ਜਲਦੀ ਹੁੰਗਾਰੇ ਨੂੰ ਯਕੀਨੀ ਬਣਾਉਣ ਲਈ ਤਾਂ ਜੋ ਹਰ ਕਰੋਨਾ ਮਰੀਜ਼ ਸਮੇਂ ਸਿਰ ਦੇਖਭਾਲ ਪ੍ਰਾਪਤ ਕਰੇ, ਆਈਵੀਆਰ ਪ੍ਰਣਾਲੀ ਦੀ ਮਦਦ ਲਈ ਜਾ ਰਹੀ ਹੈ। ਲੋਕਾਂ ਨੂੰ ਆਈਵੀਆਰ ਕਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸਹੀ ਦੇਖਭਾਲ ਹੋ ਸਕੇ ਤੇ ਕਰੋਨਾ ਨੂੰ ਮਾਤ ਦਿੱਤੀ ਜਾ ਸਕੇ।