
ਕਰੋਨਾ ਪੀੜਤ ਬਜ਼ੁਰਗ ਅੌਰਤ ਨੂੰ ਹਾਰਟ ਅਟੈਕ ਹੋਣ ਦੇ ਬਾਵਜੂਦ ਬਚਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਚੀਮਾ ਮੈਡੀਕਲ ਕੰਪਲੈਕਸ ਫੇਜ਼-4 ਮੁਹਾਲੀ ਵਿੱਚ ਇਕ ਤਰ੍ਹਾਂ ਦਾ ਲਗਭਗ ਚਮਤਕਾਰ ਹੀ ਹੋਇਆ ਹੈ। ਇੱਥੇ ਕਰੋਨਾ ਪੀੜਤ 65 ਸਾਲਾ ਅੌਰਤ ਨੂੰ ਹਾਰਟ ਅਟੈਕ ਤੋਂ ਬਾਅਦ ਡਾਕਟਰਾਂ ਨੇ ਬਚਾ ਲਿਆ ਹੈ। ਹਸਪਤਾਲ ਦੇ ਮਾਹਰ ਡਾ ਦੀਪਿੰਦਰ ਕਪੂਰ ਨੇ ਦੱਸਿਆ ਕਿ ਹਰਦੀਪ ਕੌਰ ਨੂੰ ਬੀਤੀ 7 ਅਪਰੈਲ ਨੂੰ ਚੀਮਾ ਮੈਡੀਕਲ ਕੰਪਲੈਕਸ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ ਦੋ ਤਿੰਨ ਦਿਨਾਂ ਤੋਂ ਤੇਜ਼ ਬੁਖਾਰ ਸੀ। ਉਨ੍ਹਾਂ ਦੱਸਿਆ ਕਿ ਹਰਦੀਪ ਕੌਰ ਨੂੰ ਐਕਿਊਟ ਕੌਰੋਨੇਰੀ ਸਿੰਡ੍ਰੋਮ ਸੀ। ਕੋਵਿਡ ਪਾਜ਼ੇਟਿਵ ਹੋਣ ਦੇ ਨਾਲ ਨਾਲ ਉਸ ਨੂੰ ਕਮਿਊਨਿਟੀ ਨਮੂਨੀਆ ਵੀ ਸੀ। ਉਨ੍ਹਾਂ ਦੱਸਿਆ ਕਿ ਇਸ ਅੌਰਤ ਨੂੰ ਸਾਹ ਲੈਣ ਵਿੱਚ ਕਾਫ਼ੀ ਦਿੱਕਤ ਆ ਰਹੀ ਸੀ ਅਤੇ ਉਸ ਦਾ ਸੈਚੁਰੇਸ਼ਨ ਵੀ ਰੂਮ ਏਅਰ ਵਿੱਚ 80 ਫੀਸਦੀ ਰਹਿ ਗਿਆ ਸੀ। ਉਸ ਨੇ ਛਾਤੀ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਅਤੇ ਹਾਈਪੋਟੈਂਸ਼ਨ ਦੇ ਨਾਲ ਅਚਾਨਕ ਹੀ ਉਹ ਕੌਲੈਪਸ ਹੋ ਗਈ। ਡਾ. ਕਪੂਰ ਨੇ ਦੱਸਿਆ ਕਿ ਸੀਪੀਆਰ ਰਾਹੀਂ ਮਰੀਜ਼ ਨੂੰ ਰਿਵਾਈਵ ਕੀਤਾ ਗਿਆ।
ਚੀਮਾ ਮੈਡੀਕਲ ਕੰਪਲੈਕਸ ਦੇ ਹੀ ਦਿਲ ਦੇ ਮਾਹਰ ਡਾ ਰੁਚੀਰ ਰਸਤੋਗੀ ਨੇ ਇਸ ਮਰੀਜ਼ ਦੀ ਐਂਜੀਓਗ੍ਰਾਫ਼ੀ ਕੀਤੀ ਤੇ ਫਿਰ ਐਂਜੀਓਪਲਾਸਟੀ ਕੀਤੀ । ਡਾ ਰਸਤੋਗੀ ਨੇ ਦੱਸਿਆ ਇਸ ਅੌਰਤ ਨੂੰ ਵੈਂਟੀਲੇਟਰ ਦੀ ਸਹਾਇਤਾ ਦੇ ਕੇ ਉਸ ਦੇ ਸਟੰਟ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਅੌਰਤ ਦੀਆਂ ਦਿਲ ਦੀਆ ਤਿੰਨੇ ਨਾੜੀਆਂ ਬਲਾਕ ਸਨ। ਉਸ ਨੂੰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੇਣ ਕਰਕੇ ਉਸ ਦੀ ਬਲੀਡਿੰਗ ਵੀ ਹੋਈ ਪਰ ਉਸ ਨੂੰ ਤਿੰਨ ਚਾਰ ਯੂਨਿਟ ਖ਼ੂਨ ਚੜ੍ਹਾ ਕੇ ਇਸ ਦਾ ਵੀ ਹੱਲ ਕੱਢ ਲਿਆ ਗਿਆ। ਡਾ ਕਪੂਰ ਤੇ ਡਾ ਰਸਤੋਗੀ ਨੇ ਕਿਹਾ ਕਿ ਇਸ ਤੋਂ ਬਾਅਦ ਮਰੀਜ਼ ਨੇ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਦਿਨ ਬਾਅਦ ਹੀ ਉਸ ਦੀ ਆਕਸੀਜਨ ਵੀ ਉਤਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਹਰਦੀਪ ਕੌਰ ਹੁਣ ਬਿਲਕੁਲ ਠੀਕ ਹੈ ਅਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਅਜੇਵੰਤ ਚੀਮਾ ਨੇ ਕਿਹਾ ਕਿ ਹਸਤਪਾਲ ਵਿੱਚ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਬਿਹਤਰੀਨ ਸੁਵਿਧਾਵਾਂ ਇੱਥੇ ਉਪਲਬਧ ਹਨ।